ਸਨੌਰ, 17 ਜੂਨ (ਗੀਤਵਿੰਦਰ ਸਿੰਘ ਸੋਖਲ)-ਸੂਬੇ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਿੱਥੇ ਸਿੱਖਿਆ ਕ੍ਰਾਂਤੀ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਚਲਾਈ ਜਾ ਰਹੀ ਹੈ | ਉੱਥੇ ਕਿਤੇ ਨਾ ਕਿਤੇ ਸੂਬੇ ਦੇ ਸਕੂਲਾਂ, ਕਾਲਜਾਂ ਤੇ ਹੋਰ ਵੱਖ-ਵੱਖ ਸੈਂਟਰਾਂ 'ਤੇ ਬੱਚਿਆ ਲਈ ਸੋਸ਼ਲ ਮੀਡੀਆ ਤੇ ਮੋਬਾਈਲ ਤੋਂ ਕੋਸੋਂ ਦੂਰ ਲੈ ਕੇ ਜਾਣ ਲਈ ਬੱਚਿਆ ਨੂੰ ਅਖ਼ਬਾਰਾਂ ਪੜ੍ਹਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ, ਇਹ ਗੱਲ ਕਰਦਿਆਂ ਪਟਿਆਲਾ ਦੇ ਅਧੀਨ ਕਸਬਾ ਸਨੌਰ ਦੇ ਸੁਖਦੇਵ ਵਿਰਕ ਨੇ ਬੱਚਿਆਂ 'ਚ ਅਖ਼ਬਾਰ ਪੜ੍ਹਨ ਦੀ ਘਟ ਰਹੀ ਰੁਚੀ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਮਾਪਿਆਂ ਅਤੇ ਸਕੂਲ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਅਖ਼ਬਾਰ ਪੜ੍ਹਨ ਵੱਲ ਪ੍ਰੇਰਿਤ ਕਰਨ | ਉਨ੍ਹਾਂ ਕਿਹਾ ਕਿ ਹਾਲੀਆ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬੱਚਿਆਂ ਦੀ ਅਖ਼ਬਾਰਾਂ ਪੜ੍ਹਨ ਵੱਲ ਰੁਝਾਨ ਲਗਾਤਾਰ ਘੱਟ ਰਿਹਾ ਹੈ | ਇਸ ਦੇ ਉਲਟ ਬੱਚਿਆਂ ਦੀ ਮੋਬਾਈਲ ਫ਼ੋਨ ਅਤੇ ਸੋਸ਼ਲ ਮੀਡੀਆ ਵੱਲ ਰੁਚੀ ਬਹੁਤ ਵਧ ਗਈ ਹੈ, ਜੋ ਕਿ ਉਨ੍ਹਾਂ ਦੇ ਮਾਨਸਿਕ ਵਿਕਾਸ ਲਈ ਚਿੰਤਾਜਨਕ ਗੱਲ ਹੈ | ਉਨ੍ਹਾਂ ਕਿਹਾ ਕਿ ਅਖ਼ਬਾਰ ਪੜ੍ਹਨਾ ਨਾ ਸਿਰਫ਼ ਬੱਚਿਆਂ ਦੀ ਭਾਸ਼ਾ ਤੇ ਲਿਖਤ ਨੂੰ ਮਜ਼ਬੂਤ ਕਰਦਾ ਹੈ, ਸਗੋਂ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਚੇਤਨਾ ਨੂੰ ਵੀ ਉਭਾਰਦਾ ਹੈ | ਵਿਰਕ ਨੇ ਅਪੀਲ ਕੀਤੀ ਕਿ ਸਰਕਾਰ ਵਲੋਂ ਹਰ ਸਕੂਲ ਵਿਚ ਅਖ਼ਬਾਰ ਪੜ੍ਹਨ ਲਈ ਲਾਜ਼ਮੀ ਵਿਸ਼ਾ ਬਣਾਇਆ ਜਾਵੇ ਅਤੇ ਘਰ ਵਿਚ ਮਾਪੇ ਵੀ ਬੱਚਿਆਂ ਨੂੰ ਰੋਜ਼ਾਨਾ ਕੁਝ ਸਮਾਂ ਅਖ਼ਬਾਰ ਪੜ੍ਹਨ ਲਈ ਉਤਸ਼ਾਹਿਤ ਕਰਨ, ਕਿਉਂਕਿ ਜੇ ਅਸੀਂ ਅਗਲੀ ਪੀੜ੍ਹੀ ਨੂੰ ਜਾਗਰੂਕ ਅਤੇ ਸਮੇਂ ਦੇ ਹਾਣ ਦਾ ਬਣਾਉਣਾ ਚਾਹੁੰਦੇ ਹਾਂ ਤਾਂ ਅਖ਼ਬਾਰ ਪੜ੍ਹਨ ਦੀ ਆਦਤ ਪਾਉਣੀ ਬਹੁਤ ਜ਼ਰੂਰੀ ਹੈ |