ਫ਼ਤਹਿਗੜ੍ਹ ਸਾਹਿਬ, 18 ਜੂਨ (ਬਲਜਿੰਦਰ ਸਿੰਘ)-ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਅਧੀਨ ਪੈਂਦੇ ਆਦਰਸ਼ ਨਗਰ ਵਿਚ ਸੀਵਰੇਜ ਜਾਮ ਹੋਣ ਕਾਰਨ ਇਲਾਕਾ ਵਾਸੀ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਮੁਹੱਲੇ ਵਿਚ ਸੀਵਰੇਜ ਸਿਸਟਮ ਜਾਮ ਹੋਣ ਕਾਰਨ ਗੰਦਾ ਪਾਣੀ ਸੜਕਾਂ 'ਤੇ ਘੁੰਮ ਰਿਹਾ ਹੈ ਤੇ ਮੁਹੱਲਾ ਵਾਸੀਆਂ ਨੂੰ ਘਰ ਆਉਣ ਜਾਣ ਲਈ ਜਿੱਥੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਇਲਾਕੇ ਵਿਚ ਜਮਾਂ ਹੋਏ ਬਦਬੂ ਮਾਰਦੇ ਗੰਦੇ ਪਾਣੀ ਵਿਚ ਮੱਛਰ ਅਤੇ ਮੱਖੀਆਂ ਪੈਦਾ ਹੋਣ ਨਾਲ ਬਿਮਾਰੀ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ | ਇੱਥੇ ਹੀ ਬੱਸ ਨਹੀਂ ਅਜਿਹੇ ਹਾਲਤਾਂ ਵਿਚ ਮੁਹੱਲੇ ਦੇ ਵਸਨੀਕਾਂ ਲਈ ਘਰ ਵਿਚ ਰੋਟੀ ਖਾਣਾ ਵੀ ਦੁੱਭਰ ਹੋਇਆ ਪਿਆ ਹੈ | ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ ਉਹ ਉਕਤ ਸਮੱਸਿਆ ਸਬੰਧੀ ਕਈ ਵਾਰ ਸੀਵਰੇਜ ਬੋਰਡ ਦੇ ਐੱਸ.ਡੀ.ਓ. ਨੂੰ ਕਹਿ ਚੁੱਕੇ ਹਨ, ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਸਕਿਆ | ਓਧਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੱਸਿਆ ਦਾ ਜਲਦ ਹੱਲ ਕਰਵਾ ਦਿੱਤਾ ਜਾਵੇਗਾ | ਇਸ ਮੌਕੇ ਮੁਹੱਲਾ ਵਾਸੀਆਂ 'ਚ ਅਮਨ ਵਰਮਾ, ਕਮਲੇਸ਼ ਰਾਣੀ, ਗੀਤਾ ਪੁਰੀ ਤੇ ਹੋਰ ਵਸਨੀਕ ਵੀ ਹਾਜ਼ਰ ਸਨ |