ਨਾਭਾ, 18 ਜੂਨ (ਕਰਮਜੀਤ ਸਿੰਘ)-ਸਰਕਾਰ ਦੀ ਵੱਡੀ ਨਾਲਾਇਕੀ ਦੇ ਕਾਰਨ ਨਾਭਾ ਦੇ ਪਿੰਡ ਕਕਰਾਲਾ ਦੇ ਖੇਤਾਂ ਵਿਚ ਹੜ ਵਰਗੇ ਹਾਲਾਤ ਬਣੇ ਹੋਏ ਹਨ | ਰਜਵਾਹਾ ਕੋਟਲੀ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ਦੇ ਵਿਚ ਹਾਹਾਕਾਰ ਮਚੀ ਹੋਈ ਹੈ | ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬ ਗਈ | ਇਸ ਮੌਕੇ ਸਾ. ਸਰਪੰਚ ਹਰਜੀਤ ਸਿੰਘ ਗਿੱਲ ਨੇ ਪੰਜਾਬ ਸਰਕਾਰ 'ਤੇ ਧਾਵਾ ਬੋਲਦਿਆਂ ਕਿਹਾ ਕਿ ਸਰਕਾਰ ਨੇ ਇਸ ਜਵਾਹੇ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਉਸ ਦੀ 15 ਏਕੜ ਅਤੇ ਹੋਰ ਸੈਂਕੜੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬ ਚੁੱਕੀ ਹੈ | ਉਨ੍ਹਾਂ ਕਿਹਾ ਕਿ ਲੋਕ ਇਕੱਠੇ ਹੋ ਕੇ ਨਾਭਾ ਦੇ ਵਿਧਾਇਕ ਨੂੰ ਵੀ ਮਿਲੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਮਰ ਚੁੱਕੀ ਹੈ ਦੁਬਾਰੇ ਝੋਨਾ ਲਾਉਣਾ ਬਹੁਤ ਔਖਾ ਹੈ, ਕਿਉਂਕਿ ਇਕ ਏਕੜ 'ਤੇ 10 ਤੋਂ 15 ਹਜ਼ਾਰ ਰੁਪਏ ਖਰਚਾ ਆਉਂਦਾ ਹੈ ਅਤੇ ਅਜੇ ਤਾਂ ਮਾਨਸੂਨ ਦੀ ਬਰਸਾਤ ਨੇ ਆਉਣਾ ਹੈ ਜਦ ਕਿ 2 ਦਿਨ ਦੀ ਬਰਸਾਤ ਨੇ ਸਾਡੇ ਪਿੰਡ ਵਿਚ ਹੜ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ | ਉਨ੍ਹਾਂ ਮੁੱਖ ਮੰਤਰੀ ਪੰਜਾਬ 'ਤੇ ਵੀ ਨਿਸ਼ਾਨਾ ਸਾਧਿਆ ਕਿਹਾ ਕੀ ਵੱਡੇ-ਵੱਡੇ ਵਾਅਦੇ ਕਰਨ ਵਾਲਾ ਮੁੱਖ ਮੰਤਰੀ ਅੱਜ ਕਿੱਥੇ ਹੈ, ਅਸੀਂ ਇਸ ਪਾਰਟੀ ਨੂੰ ਰੱਜ ਕੇ ਵੋਟਾਂ ਪਾਈਆਂ ਅਤੇ ਸਾਨੂੰ ਬਦਲਾਓ ਦਾ ਨਤੀਜਾ ਭੁਗਤਣਾ ਪੈ ਰਿਹਾ ਹੈ | ਇਸ ਮੌਕੇ ਜਦੋਂ ਸਾਬਕਾ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਗੱਲਬਾਤ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਦਾ ਫ਼ਰਜ਼ ਇਸ ਰਜਵਾਹੇ ਦੀ ਸਫ਼ਾਈ ਅਪ੍ਰੈਲ ਜਾਂ ਮਈ ਦੇ ਮਹੀਨੇ ਵਿਚ ਕਰਵਾਉਣ ਦਾ ਫ਼ਰਜ਼ ਬਣਦਾ ਸੀ | ਜਿਹੜੇ ਅਫ਼ਸਰਾਂ ਨੇ ਅਣਗਹਿਲੀ ਵਰਤੀ ਹੈ ਉਨ੍ਹਾਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ਇਸ ਮੌਕੇ ਹਰਜੀਤ ਸਿੰਘ ਗਿੱਲ ਖੁਸ਼ੀ ਸਿੰਘ, ਸਪਿੰਦਰ ਸਿੰਘ, ਹਰਜਿੰਦਰ ਸਿੰਘ, ਰਾਜਵਿੰਦਰ ਸਿੰਘ, ਗੁਰਤੇਜ ਸਿੰਘ ਦਰਸ਼ਨ ਸਿੰਘ, ਮੇਜਰ ਸਿੰਘ, ਸੁਖਦੇਵ ਸਿੰਘ, ਗੁਲਜ਼ਾਰ ਖਾਂ, ਕਰਨੈਲ ਸਿੰਘ, ਰਾਜਵਿੰਦਰ ਸਿੰਘ, ਭਗਵੰਤ ਸਿੰਘ, ਬਲਜਿੰਦਰ ਸਿੰਘ ਦੇਵ ਸਿੰਘ, ਅਰਸ਼ਦੀਪ ਸਿੰਘ ਤੋਂ ਇਲਾਵਾ ਸੈਂਕੜੇ ਕਿਸਾਨ ਹਾਜ਼ਰ ਸਨ |