ਜ਼ਿਲੇ੍ਹ ਵਿਚ ਟਾਵਰਾਂ ਤੇ ਮੋਟਰਾਂ ਦੀਆਂ ਤਾਰਾਂ ਵੱਢਣ ਵਾਲਾ ਗਰੋਹ ਹੋਇਆ ਸਰਗਰਮ
ਅਜੀਤ ਡੈਸਕ
19-06-2025
ਪਟਿਆਲਾ, 18 ਜੂਨ (ਮਨਦੀਪ ਸਿੰਘ ਖਰੌੜ)-ਜ਼ਿਲੇ੍ਹ ਦੇ ਵੱਖ-ਵੱਖ ਹਲਕਿਆਂ ਵਿਚ ਮੋਟਰਾਂ ਟਿਊਬਵੈੱਲਾਂ ਅਤੇ ਮੋਬਾਈਲ ਟਾਵਰਾਂ ਦੀਆਂ ਤਾਰਾਂ ਅਤੇ ਹੋਰ ਯੰਤਰਾਂ ਚੋਰੀ ਹੋਣ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ | ਇਸੇ ਸਿਲਸਿਲੇ ਤਹਿਤ ਇੱਥੋਂ ਦੇ ਪਿੰਡ ਸਿਉਨਾ, ਲੰਗ ਅਤੇ ਪਸਿਆਣਾ ਇਲਾਕੇ ਵਿਚ ਕਈ ਮੋਟਰਾਂ ਦੀਆਂ ਤਾਰਾਂ ਵੱਢਣ ਸੰਬੰਧੀ ਕਿਸਾਨਾਂ ਨੇ ਦੱਸਿਆ ਹੈ, ਪਰ ਹਾਲੇ ਤੱਕ ਪੁਲਿਸ ਦੇ ਹੱਥ ਇਨ੍ਹਾਂ ਦੇ ਗਿਰੋਹ ਦਾ ਇਕ ਵੀ ਮੈਂਬਰ ਹੱਥ ਨਹੀਂ ਲੱਗਾ | ਇਸੇ ਸਿਲਸਿਲੇ ਤਹਿਤ ਪਿੰਡ ਨੰਦਪੁਰ ਕੇਸ਼ੋਂ ਵਿਖੇ ਲੱਗੇ ਟਾਵਰ ਦੇ ਕੇਬਲ ਤਾਰਾਂ ਅਤੇ ਹੋਰ ਬਿਜਲੀ ਯੰਤਰ ਚੋਰੀ ਕਰ ਲਏ ਗਏ ਹਨ | ਅਜਿਹੀ ਹੀ ਘਟਨਾ ਫੱਗਣਮਾਜਰੇ ਵਿਚ ਲੱਗੇ ਟਾਵਰ ਉਤੇ ਵੀ ਵਾਪਰੀ ਹੈ ਇਸੇ ਤਰ੍ਹਾਂ ਪਿੰਡ ਹਰਦਾਸਪੁਰ ਅਤੇ ਪਟਿਆਲਾ ਦੇ ਆਜ਼ਾਦ ਨਗਰ ਵਿਚ ਲੱਗੇ ਟਾਵਰਾਂ ਦੀਆਂ ਤਾਰਾਂ ਵੀ ਵੱਢ ਕੇ ਲੈ ਗਿਆ ਹੈ | ਟਾਵਰਾਂ ਦੀਆਂ ਤਾਰਾਂ ਚੋਰੀ ਹੋਣ ਸੰਬੰਧੀ ਥਾਣਾ ਅਨਾਜ ਮੰਡੀ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਗਈ | ਇਸ ਸੰਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਇਸ ਗਿਰੋਹ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਅਤੇ ਇਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ | ਦੂਜੇ ਪਾਸੇ ਕਿਸਾਨਾਂ ਅਤੇ ਕਹਿਣਾ ਹੈ ਕਿ ਹਰ ਵਰ੍ਹੇ ਤਾਰ ਚੋਰ ਗਿਰੋਹ ਸਰਗਰਮ ਹੁੰਦਾ ਹੈ ਤੇ ਮੋਟਰਾਂ ਤੋਂ ਤਾਰਾਂ ਵੱਢ ਕੇ ਉਨ੍ਹਾਂ ਲੱਖਾਂ ਰੁਪਏ ਦਾ ਨੁਕਸਾਨ ਪਹੁੰਚਾਉਂਦੇ ਹਨ, ਪਰ ਪੁਲਿਸ ਹਾਲੇ ਤੱਕ ਇਸ ਗਿਰੋਹ ਨੂੰ ਕਾਬੂ ਕਰਨ ਵਿਚ ਪੁਲਿਸ ਅਸਫਲ ਰਹੀ ਹੈ, ਜਿਸ ਦਾ ਹਰਜਾਨਾ ਉਨ੍ਹਾਂ ਨੂੰ ਹਰ ਵਰ੍ਹੇ ਭੁਗਤਣਾ ਪੈ ਰਿਹਾ ਹੈ |