ਨਾਭਾ, 18 ਜੂਨ (ਜਗਨਾਰ ਸਿੰਘ ਦੁਲੱਦੀ)-ਆਪਣਾ ਪੰਜਾਬ ਫਾਊਾਡੇਸ਼ਨ ਅਤੇ ਕੈਂਪ ਵਲੋਂ ਅੰਤਰਰਾਸ਼ਟਰੀ ਸਿੱਖਿਆ ਸੰਮੇਲਨਾਂ ਦੀ ਲੜੀ ਵਜੋਂ ਤੀਜਾ ਸੰਮੇਲਨ ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਵਿਖੇ ਸਫਲਤਾਪੂਰਵਕ ਸੰਪੰਨ ਹੋਇਆ | ਇਸ ਸੰਮੇਲਨ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਪਣਾ ਪੰਜਾਬ ਫਾਊਾਡੇਸ਼ਨ ਦੇ ਡਾਇਰੈਕਟਰ ਸੰਦੀਪ ਬਾਂਸਲ ਚੇਅਰਮੈਨ ਜੀ.ਬੀ. ਇੰਟਰਨੈਸ਼ਨਲ ਸਕੂਲ ਨਾਭਾ ਨੇ ਦੱਸਿਆ ਕਿ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ 2023 ਵਿਚ ਇਹ ਸਿੱਖਿਆ ਸੰਮੇਲਨ ਡੁਬਈ ਵਿਖੇ ਅਤੇ 2024 ਵਿਚ ਇਹ ਸੰਮੇਲਨ ਵੇਅਤਨਾਮ ਦੇ ਸ਼ਹਿਰ ਹਨੋਈ ਵਿਖੇ ਕਰਵਾਇਆ ਗਿਆ ਸੀ | ਉਨ੍ਹਾਂ ਦੱਸਿਆ ਕਿ ਇਸ ਵਾਰ ਭਾਰਤ ਅਤੇ ਬਾਹਰਲੇ ਦੇਸ਼ਾਂ ਤੋਂ ਆਏ 75 ਡੈਲੀਗੇਟਾਂ ਨੇ ਕੁਆਲਾਲੰਪੁਰ ਵਿਖੇ ਹੋਏ ਇਸ ਸੰਮੇਲਨ ਵਿਚ ਭਾਗ ਲਿਆ, ਜਿਸ ਦੀ ਸ਼ੁਰੂਆਤ ਵਿਚ ਆਪਣਾ ਪੰਜਾਬ ਫਾਊਾਡੇਸ਼ਨ ਦੇ ਡਾਇਰੈਕਟਰ ਡਾਲੀ ਸਿੰਘ ਵਲੋਂ ਸਭ ਨੂੰ ਜੀ ਆਇਆਂ ਨੂੰ ਕਿਹਾ ਅਤੇ ਕਾਨਫ਼ਰੰਸ ਦੇ ਵਿਸ਼ੇ ਉਪਰ ਵਿਸਥਾਰ ਨਾਲ ਚਾਨਣਾ ਪਾਇਆ ਗਿਆ | ਡਾ. ਜਗਜੀਤ ਸਿੰਘ ਧੂਰੀ ਇਸ ਸੰਮੇਲਨ ਦੇ ਮੁੱਖ ਬੁਲਾਰੇ ਸਨ ਜਿਨ੍ਹਾਂ ਵਲੋਂ ਸੰਮੇਲਨ ਦੇ ਵਿਸ਼ੇ ਐਜੂਪਰਿਨਿਓਰਲ ਈਕੋ ਸਿਸਟਮ, ਫਿਊਚਰ ਪਰੂਫਿੰਗ ਦ ਐਜੂਕੇਸ਼ਨ ਦੇ ਸੰਬੰਧ ਵਿਚ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਸੰਮੇਲਨ ਦੌਰਾਨ ਡਾਇਰੈਕਟਰ ਸੰਦੀਪ ਬਾਂਸਲ ਵਲੋਂ ਸਕਿਲ ਐਜੂਕੇਸ਼ਨ ਉਪਰ ਜ਼ੋਰ ਦਿੱਤਾ ਗਿਆ | ਬੁਲਾਰਿਆਂ ਵਿਚ ਆਪਣਾ ਪੰਜਾਬ ਫਾਊਾਡੇਸ਼ਨ ਦੇ ਡਾਇਰੈਕਟਰ ਅਨਿਲ ਮਿੱਤਲ, ਬਲਦੇਵ ਬਾਵਾ, ਸੰਜੈ ਗੁਪਤਾ, ਸੁਖਦੇਵ ਸਿੰਘ ਜੱਜ, ਤਰਸੇਮ ਜੋਸ਼ੀ, ਸਤਨਾਮ ਸਿੰਘ ਬੁੱਟਰ, ਸ਼ਿਵ ਕੁਮਾਰ ਜਿੰਦਲ, ਗੁਰਮੀਤ ਕੌਰ ਆਦਿ ਨੇ ਆਪਣੇ-ਆਪਣੇ ਸੁਝਾਅ ਦਿੱਤੇ | ਸੰਮੇਲਨ ਦੇ ਅਖੀਰ ਵਿਚ ਆਪਣਾ ਪੰਜਾਬ ਫਾਊਾਡੇਸ਼ਨ ਦੇ ਡਾਇਰੈਕਟਰ ਸੰਦੀਪ ਬਾਂਸਲ ਨੇ ਸਫਲ ਪ੍ਰਬੰਧਾਂ ਲਈ ਸਾਰੇ ਅੰਤਰਰਾਸ਼ਟਰੀ ਸੰਮੇਲਨ ਕਮੇਟੀ ਦੇ ਡਾਇਰੈਕਟਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਚੌਥੇ ਅੰਤਰਰਾਸ਼ਟਰੀ ਸੰਮੇਲਨ 2026 ਲਈ ਕੈਨੇਡਾ ਦੀ ਧਰਤੀ ਨੂੰ ਚੁਣਿਆ ਗਿਆ |