ਪਟਿਆਲਾ, 19 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੀ ਹਦੂਦ ਅੰਦਰ ਆਉਂਦੇ 60 ਵਾਰਡਾਂ 'ਚ ਸੀਵਰੇਜ, ਸਫ਼ਾਈ ਆਦਿ ਦਾ ਕੰਮ ਕਰਨ ਵਾਲੇ ਕਾਮਿਆਂ ਦੀ ਹੜਤਾਲ ਕਾਰਨ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਜਾਂ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ ਲਈ ਕਮਿਸ਼ਨਰ ਨਗਰ ਨਿਗਮ ਪਰਮਬੀਰ ਸਿੰਘ ਵਲੋਂ 'ਨੋ ਵਰਕ, ਨੋ ਪੇਅ' ਦੇ ਲਿਖਤੀ ਹੁਕਮ ਜਾਰੀ ਕਰ ਦਿੱਤੇ ਹਨ | ਹੁਕਮਾਂ 'ਚ ਦਸਿਆ ਗਿਆ ਹੈ ਕਿ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਵੀ ਫ਼ੀਲਡ ਸਟਾਫ਼ ਚਾਹੇ ਉਹ ਪੱਕੀਆਂ ਸੇਵਾਵਾਂ ਦੇ ਰਿਹਾ ਹੋਵੇ, ਚਾਹੇ ਠੇਕੇ ਉੱਪਰ ਜੇ ਉਹ ਕੰਮ 'ਤੇ ਨਹੀਂ ਆਉਂਦਾ ਤਾਂ ਉਸ ਦੀ ਤਨਖ਼ਾਹ ਕੱਟ ਲਈ ਜਾਵੇ | ਹੁਕਮਾਂ 'ਚ ਸਪਸ਼ਟ ਕੀਤਾ ਗਿਆ ਕਿ ਓ.ਐਂਡ ਐਮ. ਸ਼ਾਖਾ, ਬਾਗ਼ਬਾਨੀ ਸ਼ਾਖਾ ਨਾਲ ਸੰਬੰਧਿਤ ਮੁਲਾਜ਼ਮ ਨਿਗਰਾਨ ਇੰਜੀਨੀਅਰ ਰਜਿੰਦਰ ਚੋਪੜਾ, ਬਿਜਲੀ ਸ਼ਾਖਾ ਅਧੀਨ ਸਟਾਫ਼, ਨਿਗਰਾਨ ਇੰਜੀਨੀਅਰ ਗੁਰਪ੍ਰੀਤ ਸਿੰਘ ਵਾਲੀਆ, ਹੈਲਥ ਸ਼ਾਖਾ ਅਧੀਨ ਕੰਮ ਕਰਦਾ ਸਟਾਫ਼ ਹੈਲਥ ਅਫ਼ਸਰ ਡਾ. ਨਿਲੰਦਰ ਸਿੰਘ ਅਤੇ ਰੋਡ ਗੈਂਗ ਸ਼ਾਖਾ ਅਧੀਨ ਸਟਾਫ਼, ਨਿਗਰਾਨ ਇੰਜੀਨੀਅਰ ਹਰਕਿਰਨ ਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਲੀਆ ਨੂੰ ਇਲਾਕਿਆਂ ਮੁਤਾਬਿਕ ਹਾਜ਼ਰੀ ਲਗਵਾਉਣਗੇ | ਇਹ ਅਧਿਕਾਰੀ ਤਿਆਰ ਕੀਤੀ ਲਿਖਤੀ ਰਿਪੋਰਟ ਆਪਣੇ ਦਸਤਖਤਾਂ ਹੇਠ ਦੁਪਹਿਰ 3 ਵਜੇ ਤੱਕ ਕਮਿਸ਼ਨਰ ਦਫ਼ਤਰ ਨੂੰ ਸੌਂਪਣ ਦੇ ਪਾਬੰਦ ਹੋਣਗੇ | ਕਾਨੂੰਨੀ ਮਾਹਿਰ ਦਸਦੇ ਹਨ ਕਿ ਮਾਨਯੋਗ ਦੇਸ਼ ਦੀ ਸਰਵਉੱਚ ਅਦਾਲਤ ਵਲੋਂ ਵੀ ਲੰਘੇ ਦਿਨੀਂ ਇਹ ਫ਼ੈਸਲਾ ਸੁਣਾਇਆ ਜਾ ਚੁੱਕਾ ਹੈ ਕਿ ਕੰਮ ਨਾ ਕਰਨ ਵਾਲੇ ਮੁਲਾਜ਼ਮ ਦੀ ਤਨਖ਼ਾਹ ਕੱਟੀ ਜਾ ਸਕਦੀ ਹੈ | ਨਗਰ ਨਿਗਮ 'ਚ 178 ਸੀਵਰਮੈਨ, 40 ਬੇਲਦਾਰ ਅਤੇ 40 ਫ਼ੀਸਦੀ ਦੇ ਕਰੀਬ ਸਫ਼ਾਈ ਕਰਮਚਾਰੀ ਹੜਤਾਲ 'ਤੇ ਚਲ ਰਹੇ ਹਨ | ਭਵਿੱਖ 'ਚ ਸੂਬਾ ਸਰਕਾਰ ਵਲੋਂ ਇਨ੍ਹਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਸੰਬੰਧੀ ਜੇ ਕੋਈ ਵਿਉਂਤਬੰਦੀ ਕੀਤੀ ਜਾਂਦੀ ਹੈ ਤਾਂ ਨਗਰ ਨਿਗਮ 'ਚ ਨਾਂਹਪੱਖੀ ਰਿਕਾਰਡ ਵੱਡੀ ਅੜਚਣ ਸਾਬਤ ਹੋ ਸਕਦਾ ਹੈ | ਸਿਹਤ ਮਾਹਿਰਾਂ ਦੀ ਸੁਣੀਏ ਤਾਂ ਜਿਸ ਤਰ੍ਹਾਂ ਦਾ ਮੌਸਮ ਬਣਦਾ ਜਾ ਰਿਹਾ ਹੈ ਉਸ ਨਾਲ ਸ਼ਹਿਰ ਦੇ ਕਿਸੇ ਵੀ ਕੋਨੇ ਵਿਚ ਗੰਦਗੀ ਦੇ ਢੇਰ ਜਾਂ ਸੀਵਰੇਜ ਦਾ ਸੜਕਾਂ 'ਤੇ ਸੜਿਆਂਧ ਮਾਰਦਾ ਪਾਣੀ ਬਿਮਾਰੀਆਂ ਫੈਲਣ ਦਾ ਕਾਰਨ ਬਣ ਸਕਦਾ ਹੈ | ਸੂਤਰ ਦਸਦੇ ਹਨ ਕਿ ਕਮਿਸ਼ਨਰ ਵਲੋਂ ਅੱਜ ਤੋਂ ਹੀ ਹੜਤਾਲੀ ਮੁਲਾਜ਼ਮਾਂ ਦੇ ਵੇਰਵੇ ਲਿਖਤੀ ਤੌਰ 'ਤੇ ਮੰਗ ਲਏ ਗਏ ਹਨ | ਦੱਸਣਯੋਗ ਹੈ ਕਿ ਹੜਤਾਲੀ ਮੁਲਾਜ਼ਮਾਂ ਦੇ ਵੱਡੀ ਗਿਣਤੀ ਆਗੂਆਂ ਉੱਪਰ ਮਾਨਯੋਗ ਪੰਜਾਬ ਹਰਿਆਣਾ ਉੱਚ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਵੱਡੀ ਕਾਰਵਾਈ ਵੀ ਸੰਭਵ ਹੋ ਸਕਦੀ ਹੈ | ਜਿਸ 'ਚ ਸਾਬਕਾ ਕੌਂਸਲਰ ਤੇ ਭਾਜਪਾਈ ਆਗੂ ਸੀਮਾ ਸ਼ਰਮਾ ਦੇ ਘਰ ਕੂੜਾ ਸੁੱਟਣ ਦਾ ਨੋਟਿਸ ਲੈਂਦਿਆਂ ਐਸ.ਐਸ.ਪੀ. ਪਟਿਆਲਾ ਦਫ਼ਤਰ ਰਾਹੀਂ ਸੰਬੰਧਿਤ ਥਾਣੇ ਨੂੰ ਪੜਤਾਲ ਕਰਨ ਉਪਰੰਤ ਬਣਦੀ ਕਾਰਵਾਈ ਦਾ ਹੁਕਮ ਦਿੱਤਾ ਗਿਆ ਸੀ |