ਸਨੌਰ, 19 ਜੂਨ (ਗੀਤਵਿੰਦਰ ਸਿੰਘ ਸੋਖਲ)-ਆਮ ਲੋਕਾਂ ਨੂੰ ਖਾਣ ਪੀਣ ਦੀਆਂ ਮਿਆਰੀ ਚੀਜ਼ਾਂ ਮੁਹੱਈਆ ਕਰਵਾਉਣ ਲਈ ਸਰਕਾਰ ਵਲੋਂ ਫੂਡ ਸੇਫ਼ਟੀ ਵਿਭਾਗ ਬਣਾਇਆ ਗਿਆ ਹੈ ਤਾਂ ਜੋ ਇਹ ਵਿਭਾਗ ਸਮੇਂ-ਸਮੇਂ 'ਤੇ ਖਾਣ ਪੀਣ ਵਾਲੀਆਂ ਦੁਕਾਨਾਂ 'ਤੇ ਚੈਕਿੰਗ ਕਰਕੇ ਲੋਕਾਂ ਨੂੰ ਮਿਲਾਵਟਖੋਰੀ ਅਤੇ ਪਰੋਸੇ ਜਾ ਰਹੇ ਖਾਣ ਪੀਣ ਵਾਲਿਆਂ ਵਸਤੂਆਂ ਦੀ ਜਾਂਚ ਕਰੇ ਪਰ ਹਲਕਾ ਸਨੌਰ 'ਚ ਇਹ ਵਿਭਾਗ ਨਜ਼ਰ ਨਹੀਂ ਆ ਰਿਹਾ ਹੈ | ਸਰਕਾਰ ਵਲੋਂ ਇਸ ਵਿਭਾਗ 'ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਕਿ ਆਮ ਜਨਤਾ ਦੀ ਸਿਹਤ ਦਾ ਧਿਆਨ ਰੱਖਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ ਪਰੰਤੂ ਸਚਾਈ ਇਸ ਦੇ ਬਿਲਕੁਲ ਉਲਟ ਦਿਖਾਈ ਦੇ ਰਹੀ ਹੈ | ਸਨੌਰ ਦੇ ਫਾਸਟ ਫੂਡ ਦੀਆਂ ਦੁਕਾਨਾਂ, ਬੇਕਰੀਆਂ, ਪ੍ਰਚੂਨ ਦੀਆਂ ਦੁਕਾਨਾਂ ਤੇ ਹੋਰ ਖਾਣ ਪੀਣ ਦੀਆਂ ਥਾਵਾਂ 'ਤੇ ਲੋਕਾਂ ਨੂੰ ਸ਼ਰੇਆਮ ਜ਼ਹਿਰ ਪਰੋਸਿਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਹਲਕਾ ਸਨੌਰ ਦੇ ਸਮਾਜ ਸੇਵੀ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਗੰਦੀਆਂ ਰੇਹੜੀਆਂ ਉਪਰ ਕਈ-ਕਈ ਦਿਨਾਂ ਤੱਕ ਇਕੋ ਤੇਲ ਨੂੰ ਗਰਮ ਕਰਕੇ ਤਲੀਆਂ ਜਾ ਰਹੀਆਂ ਵਸਤੂਆਂ ਲੋਕਾਂ ਅੰਦਰ ਕੈਂਸਰ ਜਿਹੇ ਰੋਗਾਂ ਦਾ ਕਾਰਨ ਬਣ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇੱਥੋਂ ਤੱਕ ਕਿ ਵੱਡੇ-ਵੱਡੇ ਹੋਟਲਾਂ ਦੀਆਂ ਗੰਦੀਆਂ ਰਸੋਈਆਂ ਮਨੁੱਖੀ ਕੀਮਤੀ ਜਾਨਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਉਨ੍ਹਾਂ ਫੂਡ ਸੇਫ਼ਟੀ ਵਿਭਾਗ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਵਿਚ ਵੱਡੀ ਅਣਗਹਿਲੀ ਫੂਡ ਸੇਫ਼ਟੀ ਵਿਭਾਗ ਦੇ ਅਧਿਕਾਰੀਆਂ ਦੀ ਸਾਹਮਣੇ ਆਉਂਦੀ ਹੈ ਜੋ ਗਰਮੀ ਦੇ ਦਿਨਾਂ ਵਿਚ ਆਪਣੇ ਏ.ਸੀ. ਦਫ਼ਤਰਾਂ 'ਚੋਂ ਨਿਕਲਣਾ ਮੁਨਾਸਬ ਨਹੀਂ ਸਮਝਦੇ | ਆਖਿਰ 'ਚ ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਨੌਰ 'ਚ ਖਾਣ ਪੀਣ ਵਾਲੀਆਂ ਦੁਕਾਨਾਂ ਦੀ ਜਾਂਚ ਕੀਤੀ ਜਾਵੇ |