ਸਮਾਣਾ, 21 ਜੂਨ (ਹਰਵਿੰਦਰ ਸਿੰਘ ਟੋਨੀ)-ਡੀ.ਐਸ.ਪੀ. ਫਤਿਹ ਸਿੰਘ ਬਰਾੜ ਦੀ ਅਗਵਾਈ 'ਚ ਪਿੰਡ ਤਲਵੰਡੀ ਮਲਿਕ ਵਿਖੇ ਸਵੇਰੇ 4 ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾਈ | ਜਿਸ 'ਚ ਸਦਰ ਪੁਲਿਸ ਦੇ ਅਜੇ ਕੁਮਾਰ ਪਰੋਚਾ, ਸਿਟੀ ਪੁਲਿਸ ਜਸਪ੍ਰੀਤ ਸਿੰਘ ਸਮੇਤ ਸਮਾਣਾ ਤੇ ਪਾਤੜਾਂ ਸਰਕਲ ਦੀ ਪੁਲਿਸ ਸ਼ਾਮਲ ਹੋਈ | ਇਸ ਦੌਰਾਨ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਦੋ ਨਸ਼ਾ ਤਸਕਰਾਂ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਖਿਲਾਫ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ | ਡੀ.ਐਸ.ਪੀ. ਸਮਾਣਾ ਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਮਿਲੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਪਿੰਡ ਦੇ ਦੋਵੇਂ ਐਂਟਰੀ ਪੁਆਇੰਟਾਂ 'ਤੇ ਨਾਕੇਬੰਦੀ ਕਰਕੇ ਸ਼ੱਕ ਦੇ ਘੇਰੇ 'ਚ ਆਏ ਵਿਅਕਤੀਆਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ | ਅਧਿਕਾਰੀ ਅਨੁਸਾਰ ਪੁਲਿਸ ਪਾਰਟੀ ਵਲੋਂ ਤਲਵੰਡੀ-ਖੱਤਰੀਵਾਲਾ ਰਸਤੇ 'ਤੇ ਚੋਅ ਨੇੜੇ ਬੈਠ ਕੇ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਕਰਮਜੀਤ ਸਿੰਘ ਉਰਫ਼ ਕੰਮਾਂ ਵਾਸੀ ਵੜੈਚਾਂ ਪੱਤੀ, ਸਮਾਣਾ ਕੋਲੋਂ 190 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ 'ਤੇ ਹਿਰਾਸਤ 'ਚ ਲੈ ਲਿਆ ਗਿਆ | ਜਦ ਕਿ ਗੁਰਵਿੰਦਰ ਸਿੰਘ ਉਰਫ਼ ਭੂਰਾ ਵਾਸੀ ਪਿੰਡ ਝਾੜੋ (ਜ਼ਿਲ੍ਹਾ ਸੰਗਰੂਰ) ਕੋਲੋਂ ਲਾਈਟਰ ਤੇ ਸਿਲਵਰ ਪੇਪਰ ਬਰਾਮਦ ਹੋਣ 'ਤੇ ਹਿਰਾਸਤ 'ਚ ਲਿਆ ਗਿਆ |