ਸਨੌਰ, 21 ਸਤੰਬਰ (ਸੋਖਲ)-ਕੇਂਦਰੀ ਮੰਤਰੀ ਸ੍ਰੀਪਦ ਯੈਸੌ ਨਾਇਕ ਵਲੋਂ ਜ਼ਿਲ੍ਹਾ ਪਟਿਆਲਾ ਦੇ ਸਨੌਰ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡ ਸਿਰਕੱਪੜਾ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਪਟਿਆਲਾ ਜ਼ਿਲ੍ਹੇ ਦੀ ਸੀਨੀਅਰ ਆਗੂ ਮਹਾਰਾਣੀ ਪ੍ਰਨੀਤ ਕੌਰ, ਬੀਬਾ ਜੈ ਇੰਦਰ ਕੌਰ, ਹਲਕਾ ਸਨੌਰ ਦੇ ਇੰਚਾਰਜ ਬਿਕਰਮਜੀਤ ਇੰਦਰ ਸਿੰਘ ਚਾਹਲ ਅਤੇ ਜਸਪਾਲ ਸਿੰਘ ਗੰਗਰੋਲੀ ਜ਼ਿਲ੍ਹਾ ਪ੍ਰਧਾਨ ਭਾਜਪਾ ਵੀ ਮੌਜੂਦ ਰਹੇ | ਇਸ ਮੌਕੇ ਕੇਂਦਰੀ ਮੰਤਰੀ ਨੇ ਪਿੰਡ ਸਿਰਕੱਪੜਾ ਦੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਦੁੱਖ-ਦਰਦ ਨੂੰ ਸੁਣਿਆ | ਸ੍ਰੀਪਦ ਨਾਇਕ ਨੇ ਕਿਹਾ ਕਿ ਭਾਰਤ ਸਰਕਾਰ ਹੜ੍ਹ ਪੀੜਤ ਲੋਕਾਂ ਦੇ ਨਾਲ ਪੂਰੀ ਤਰ੍ਹਾਂ ਖੜ੍ਹੀ ਹੈ ਅਤੇ ਕਿਸਾਨਾਂ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮੁੜ ਉਠਾਉਣ ਲਈ ਹਰ ਸੰਭਵ ਮਦਦ ਦਿੱਤੀ ਜਾਵੇਗੀ | ਪ੍ਰਨੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕੇਂਦਰ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਪਹੁੰਚਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣ | ਬਿਕਰਮਜੀਤ ਇੰਦਰ ਸਿੰਘ ਚਾਹਲ ਨੇ ਕਿਹਾ ਕਿ ਕੇਂਦਰੀ ਮੰਤਰੀ ਸ੍ਰੀਪਦ ਯੈਸੌ ਨਾਇਕ ਹੜ੍ਹ ਪੀੜਤ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੋਟ ਕਰਕੇ ਲੈ ਕੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਿਆਨ 'ਚ ਲਿਆਉਣਗੇ ਅਤੇ ਜਲਦ ਤੋਂ ਜਲਦ ਦੂਰ ਕਰਨਗੇ | ਇਸ ਮੌਕੇ ਹਰਦੀਪ ਸਿੰਘ ਕੰਬੋਜ, ਜੱਸੀ ਗੁੱਜਰ, ਪਰਮਵੀਰ ਸਿੰਘ ਕੰਬੋਜ ਸਨੌਰ ਮੰਡਲ ਪ੍ਰਧਾਨ ਭਾਜਪਾ, ਹਰਮੀਤ ਸਿੰਘ ਸਕੱਤਰ ਭਾਜਪਾ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਮਨੀਰ ਖ਼ੁਰਦ, ਰਿੰਕੂ ਖਾਨ ਮਰਦਾਂਹੇੜੀ ਤੇ ਹੋਰ ਵੀ ਮੌਜੂਦ ਸਨ |