ਭੁੱਨਰਹੇੜੀ, 21 ਸਤੰਬਰ (ਧਨਵੰਤ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਸਾਢੇ ਤਿੰਨ ਸਾਲ ਲੰਘ ਗਏ ਸਿਰਫ ਗੱਲਾਂ-ਬਾਤਾਂ ਨਾਲ ਹੀ ਸਮਾਂ ਕੱਢ ਰਹੇ ਹਨ | ਵਿਕਾਸ ਕਾਰਜ ਤਾਂ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਹੋਇਆ | ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਹਲਕਾ ਸਨੌਰ ਤੋਂ ਕਾਂਗਰਸ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ ਨੇ ਪ੍ਰੈੱਸ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਵਲੋਂ ਕਰਵਾਏ ਗਏ ਕਾਰਜਾਂ ਨੂੰ ਯਾਦ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਪੰਜਾਬ ਅੰਦਰ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਹਨ | ਉਨ੍ਹਾਂ ਕਿਹਾ ਕਿ ਹਲਕਾ ਸਨੌਰ ਵਿਚ ਉਨ੍ਹਾਂ ਨੇ ਚਾਰ ਪੁਲਾਂ ਦੇ ਨਿਰਮਾਣ ਕਰਵਾਏ ਗਏ | ਜਿਨ੍ਹਾਂ ਵਿਚ ਸ਼ੇਖੂਪੁਰ, ਵੱਡੀ ਨਦੀ ਪਟਿਆਲਾ, ਛੋਟੀ ਨਦੀ ਦੇ ਪੁਲਾਂ ਦੀ ਉਸਾਰੀ ਕਰਵਾਈ ਗਈ | ਉਨ੍ਹਾਂ ਕਿਹਾ ਕਿ ਪਟਿਆਲਾ ਦੱਖਣੀ ਬਾਈਪਾਸ ਚੰਡੀਗੜ੍ਹ-ਬਠਿੰਡਾ ਮੁਖ ਮਾਰਗ ਉੱਪਰ ਸਰਵਿਸ ਸ਼ੁਰੂ ਕਰਵਾ ਕੇ ਸਨੌਰ ਅਤੇ ਆਸ-ਪਾਸ ਦੇ ਪਿੰਡਾਂ ਨੂੰ ਸਹੂਲਤਾਂ ਦਿੱਤੀਆਂ | ਜਿਸ ਕਾਰਨ ਏਸ਼ੀਆ ਦੀ ਸਬਜ਼ੀ ਮੰਡੀ ਪਟਿਆਲਾ ਨੂੰ ਆਉਣ ਜਾਣ ਦਾ ਸੰਪਰਕ ਬਣਿਆ | ਉਨ੍ਹਾਂ ਕਿਹਾ ਕਿ ਬਹਾਦਰਗੜ੍ਹ, ਦੇਵੀਗੜ੍ਹ, ਭੁੱਨਰਹੇੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਸਨ | ਉਨ੍ਹਾਂ ਕਿਹਾ ਕਿ 70 ਦੇ ਕਰੀਬ ਬਹਾਦਰਗੜ੍ਹ ਦੇ ਪਿੰਡਾਂ ਨੂੰ ਪੀਣ ਲਈ ਸਾਫ਼ ਨਹਿਰੀ ਪਾਣੀ ਵੀ ਕਾਂਗਰਸ ਸਰਕਾਰ ਸਮੇਂ ਲਿਆਂਦਾ ਗਿਆ | ਉਨ੍ਹਾਂ ਕਿਹਾ ਕਿ ਕਾਂਗਰਸ ਆਉਣ 'ਤੇ ਘੱਗਰ ਟਾਂਗਰੀ ਮਾਰਕੰਡੇ ਦਾ ਪੱਕਾ ਹੱਲ ਕੱਢਿਆ ਜਾਵੇਗਾ |