ਪਟਿਆਲਾ, 21 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਬੇਲਰ ਯੂਨੀਅਨ ਇਕਾਈ ਜ਼ਿਲ੍ਹਾ ਪਟਿਆਲਾ ਨੇ ਪਰਾਲੀ ਦੇ ਰੇਟਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਨੂੰ ਤੇਜ਼ ਕਰਨ ਅਤੇ 23 ਸਤੰਬਰ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਮੂਹਰੇ ਧਰਨਾ ਲਾ ਕੇ ਅਤੇ ਬੇਲਰਾਂ ਦੀਆਂ ਚਾਬੀਆਂ ਡਿਪਟੀ ਕਮਿਸ਼ਨਰ ਨੂੰ ਸੌਂਪਣ ਦਾ ਐਲਾਨ ਕੀਤਾ ਹੈ | ਇਹ ਐਲਾਨ ਪਟਿਆਲਾ ਇਕਾਈ ਦੇ ਪ੍ਰਧਾਨ ਹਰਜੀਤ ਸਿੰਘ ਲੱਖੋਵਾਲ ਅਤੇ ਗੁਰਭੇਜ ਸਿੰਘ ਜੋਗੀਪੁਰ ਨੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਕੰਨ 'ਤੇ ਜੂੰਅ ਨਹੀ ਸਰਕੀ | ਜਿਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਕਾਰਪੋਰੇਟ ਲੋਕਾਂ ਦੀ ਮਦਦ ਕਰ ਰਿਹਾ ਹੈ ਅਤੇ ਜੋ ਲੋਕ ਪੰਜਾਬ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਉਨ੍ਹਾਂ ਦੇ ਹੱਕਾਂ 'ਤੇ ਡਾਕਾ ਮਾਰਨ ਲਈ ਸਾਰੇ ਰਲੇ ਹੋਏ ਹਨ | ਇਸ ਮੌਕੇ ਲਖਵਿੰਦਰ ਸਿੰਘ ਜੋਗੀਪੁਰ, ਨੰਬਰਦਾਰ ਤਰਨਜੀਤ ਸਿੰਘ, ਜਗਵੀਰ ਸਿੰਘ, ਜਗਤਾਰ ਸਿੰਘ ਅਲਾਮਦੀਪੁਰ, ਦਰਸਨ ਸਿੰਘ ਕਾਦਰਾਬਾਦ, ਪਾਲ ਸਿੰਘ ਕੁਲਾਰਾ ਅਤੇ ਹੋਰ ਵੱਡੀ ਗਿਣਤੀ ਵਿਚ ਯੂਨੀਅਨ ਦੇ ਆਗੂ ਮੌਜੂਦ ਸਨ |