ਪਟਿਆਲਾ, 21 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਭਾਰਤ ਦਾ ਸੰਵਿਧਾਨਕ ਢਾਂਚਾ ਮਜ਼ਬੂਤ ਹੈ, ਪਰ ਸਿਆਸੀ ਅਮਲ ਅਤੇ ਸੰਵਿਧਾਨਕ ਨੈਤਿਕਤਾ ਦੀ ਪਾਲਣਾ ਦੀ ਘਾਟ ਕਾਰਨ ਇਸ ਦੀ ਪ੍ਰਭਾਵਸ਼ੀਲਤਾ ਅਕਸਰ ਕਮਜ਼ੋਰ ਪੈ ਜਾਂਦੀ ਹੈ | ਪੰਜਾਬੀ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿਖੇ ਹੋਏ ਤਾਜ਼ਾ ਖੋਜ ਅਧਿਐਨ ਰਾਹੀਂ ਅਜਿਹੇ ਸਿੱਟੇ ਸਾਹਮਣੇ ਆਏ ਹਨ | ਖੋਜ ਨਿਗਰਾਨ ਪ੍ਰੋ. ਭੁਪਿੰਦਰ ਸਿੰਘ ਵਿਰਕ ਦੀ ਅਗਵਾਈ ਵਿਚ ਖੋਜਾਰਥੀ ਡਾ. ਕਰਨਵੀਰ ਸਿੰਘ ਵਲੋਂ ਕੀਤੇ ਗਏ ਇਸ ਅਧਿਐਨ ਰਾਹੀਂ ਅਹਿਮ ਨੁਕਤੇ ਸੁਝਾਏ ਗਏ ਹਨ | ਪ੍ਰੋ. ਭੁਪਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਅਧਿਐਨ ਰਾਹੀਂ ਭਾਰਤ ਦੇ ਸੰਸਦੀ ਮਾਡਲ ਦੀਆਂ ਮਜ਼ਬੂਤੀਆਂ ਨੂੰ ਉਜਾਗਰ ਕੀਤਾ ਗਿਆ ਹੈ | ਡਾ. ਕਰਨਵੀਰ ਸਿੰਘ ਨੇ ਦੱਸਿਆ ਕਿ ਅਧਿਐਨ ਰਾਹੀਂ ਚੋਣ ਸੁਧਾਰ, ਸੰਸਦੀ ਕਮੇਟੀਆਂ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਅਤੇ ਵਧੇਰੇ ਰਚਨਾਤਮਿਕ ਸਿਆਸੀ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵਰਗੀਆਂ ਸਿਫ਼ਾਰਸ਼ਾਂ ਨਾਲ਼ ਭਾਰਤ ਦੇ ਸੰਸਦੀ ਲੋਕਤੰਤਰ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਲਈ ਸੁਝਾਅ ਪੇਸ਼ ਕੀਤੇ ਗਏ ਹਨ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਅਧਿਐਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਰਤਮਾਨ ਸਮੇਂ ਵਿਚ ਪ੍ਰਸੰਗਕ ਅਜਿਹੇ ਵਿਸ਼ਿਆਂ 'ਤੇ ਖੋਜ ਕਰਨਾ ਪੰਜਾਬੀ ਯੂਨੀਵਰਸਿਟੀ ਦੀ ਸਮਾਜਿਕ ਵਚਨਬੱਧਤਾ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਤੰਤਰੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਵੇਂ ਦਿ੍ਸ਼ਟੀਕੋਣ ਪੇਸ਼ ਕਰਨ ਪੱਖੋਂ ਅਜਿਹੇ ਖੋਜ ਕਾਰਜਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ |