25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸੰਘਣੀ ਆਬਾਦੀ ਵਿਚ ਆਤਿਸ਼ਬਾਜ਼ੀ ਦੇ ਭੰਡਾਰ ਜਮ੍ਹਾਂ, ਪਟਾਕਿਆਂ ਦੀ ਵਿਕਰੀ ਲਈ ਨਿਸਚਿਤ ਥਾਵਾਂ ਕਾਗ਼ਜ਼ਾਂ ਤੱਕ ਸੀਮਤ

ਅਜੀਤ ਡੈਸਕ 18-10-2025
ਸਮਾਣਾ, 17 ਅਕਤੂਬਰ (ਸਾਹਿਬ ਸਿੰਘ)-ਇਤਿਹਾਸਕ ਸ਼ਹਿਰ ਸਮਾਣਾ ਵਿਚ ਕਥਿਤ ਸੰਘਣੀ ਆਬਾਦੀ ਵਿਚ ਆਤਿਸ਼ਬਾਜ਼ੀ ਦੇ ਭੰਡਾਰ ਜਮਾਂ ਕਰ ਦਿੱਤੇ ਗਏ ਹਨ | ਦੀਵਾਲੀ ਨੂੰ ਕੁਝ ਦਿਨ ਬਾਕੀ ਹਨ ਪਰ ਸ਼ਹਿਰ ਦੇ ਕੁਝ ਪਟਾਕਾ ਵਪਾਰੀਆਂ ਵਲ਼ੋਂ ਲੋਕਾਂ ਦੀ ਜਾਨ ਜੋਖ਼ਮ 'ਚ ਪਾ ਕੇ ਵੱਡੇ ਪੱਧਰ 'ਚ ਰਿਹਾਇਸ਼ੀ ਇਲਾਕਿਆਂ 'ਚ ਪਟਾਕਿਆਂ ਦਾ ਜ਼ਖ਼ੀਰਾ ਜਮਾਂ ਕੀਤਾ ਹੋਇਆ ਹੈ | ਜਾਣਕਾਰੀ ਮੁਤਾਬਿਕ ਕੁਝ ਪਟਾਕਾ ਵਪਾਰੀਆਂ ਨੇ ਅਗਰਸੈਨ ਕਾਲੋਨੀ, ਤੇਜ ਕਾਲੋਨੀ, ਵੜੈਚਾਂ ਰੋਡ, ਭਾਖੜਾ ਨਹਿਰ ਕੋਲ ਹਰਿਆਣਾ ਦੇ ਖੇਤਰ, ਬੱਸ ਅੱਡੇ ਦੇ ਨੇੜੇ ਅਤੇ ਸ਼ਹਿਰ ਦੇ ਕੁਝ ਬਾਹਰੀ ਖੇਤਰਾਂ 'ਚ ਪੁਲਿਸ ਪ੍ਰਸ਼ਾਸਨ ਦੇ ਨੱਕ ਹੇਠ ਪਟਾਕਿਆਂ ਦੇ ਵੱਡੇ ਜ਼ਖ਼ੀਰੇ ਜਮਾਂ ਕਰ ਲਏ ਹਨ |
ਆਤਿਸ਼ਬਾਜ਼ੀ ਦੇ ਵਪਾਰੀਆਂ ਵਲ਼ੋਂ ਇਸ ਵਾਰ ਪਟਾਕੇ ਨਾ ਵੇਚਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਚੋਰੀ ਛਿਪੇ ਰਾਤ ਨੂੰ ਗੁਦਾਮਾਂ ਤੋਂ ਪਟਾਕਿਆਂ ਦੀ ਸਪਲਾਈ ਲਗਾਤਾਰ ਜਾਰੀ ਹੈ | ਪਟਾਕਿਆਂ ਦੀ ਧੜਲੇ ਨਾਲ ਵਿਕਰੀ ਕਰਨ ਦੀਆਂ ਕੀਤੀਆਂ ਤਿਆਰੀਆਂ ਨਾਲ ਸ਼ਹਿਰ ਵਿਚ ਵੱਡੀ ਘਟਨਾ ਦਾ ਡਰ ਬਣਿਆ ਹੋਇਆ ਹੈ | ਪੰਜਾਬ ਸਰਕਾਰ ਨੇ ਦੀਵਾਲੀ 'ਤੇ ਪਟਾਕਿਆਂ ਨੂੰ ਸਿਰਫ਼ 2 ਘੰਟੇ ਤੱਕ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ ਵਪਾਰੀਆਂ ਦੇ ਗੁਦਾਮਾਂ 'ਚ ਵੱਡੇ ਪੈਮਾਨੇ 'ਤੇ ਜ਼ੋਰਦਾਰ ਧਮਾਕਾਖ਼ੇਜ਼ ਆਤਿਸ਼ਬਾਜ਼ੀਆਂ ਅਤੇ ਬੰਬਾਂ ਦੀ ਮੌਜੂਦਗੀ ਨਾਲ ਇਸ ਗੱਲ ਦਾ ਖ਼ਦਸ਼ਾ ਹੈ ਕਿ ਹਰ ਸਾਲ ਦੀ ਤਰ੍ਹਾਂ ਦੀਵਾਲੀ ਤੋਂ ਦੋ ਦਿਨ ਪਹਿਲਾਂ ਹੀ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉੱਡ ਜਾਣਗੀਆਂ | ਇਸ ਸਬੰਧੀ ਪੁਲਿਸ ਉਪ-ਕਪਤਾਨ ਫਤਹਿ ਸਿੰਘ ਬਰਾੜ ਨੇ ਕਿਹਾ ਕਿ ਸ਼ਹਿਰ ਵਿਚ ਪਟਾਕੇ ਵੇਚਣ ਲਈ ਥਾਵਾਂ ਨਿਸ਼ਚਿਤ ਕਰਨ ਦੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ | ਇਸ ਦਾ ਉਪ-ਮੰਡਲ ਅਫ਼ਸਰ ਜਾਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਹੀ ਦੱਸ ਸਕਦੇ ਹਨ | ਉਪ-ਮੰਡਲ ਅਫ਼ਸਰ ਰਿਚਾ ਗੋਇਲ ਨੇ ਦੱਸਿਆ ਕਿ ਦੁਸ਼ਹਿਰਾ ਗਰਾਊਾਡ ਨੇੜੇ ਰਾਮ ਲੀਲ੍ਹਾ ਮੰਦਿਰ ਅਤੇ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਜਿੱਥੇ ਰਾਵਣ ਸਾੜਿਆ ਜਾਂਦਾ ਹੈ, ਆਤਿਸ਼ਬਾਜ਼ੀ ਅਤੇ ਪਟਾਕੇ ਵੇਚਣ ਲਈ ਦੋ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ ਜਿੱਥੇ ਲਾਇਸੰਸਸ਼ੁਦਾ ਵਿਕਰੇਤਾ ਹੀ ਆਤਿਸ਼ਬਾਜ਼ੀ ਜਾਂ ਪਟਾਕੇ ਵੇਚ ਸਕਣਗੇ | ਸ਼ਹਿਰ ਵਿਚ ਕੀਤੀਆਂ ਜਾ ਰਹੀਆਂ ਤਿਆਰੀਆਂ ਤੋਂ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਨਿਸ਼ਚਿਤ ਥਾਵਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾਵੇਗੀ |
ਪਿਛਲੀ ਖ਼ਬਰ ਅਕਾਲ ਅਕੈਡਮੀ ਬਲਬੇੜ੍ਹਾ 'ਚ ਅੰਮਿ੍ਤ ਸੰਚਾਰ ਸਮਾਗਮ ਕਰਵਾਇਆ ਅਗਲੀ ਖ਼ਬਰ ਸੂਬਾ ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਵੰਡੇ ਚੈੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।