ਪਟਿਆਲਾ, 17 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵਲੋਂ ਆਪਣੇ ਜੱਦੀ ਪਿੰਡ ਰੱਖੜਾ ਵਿਖੇ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ, ਮੰਦਿਰਾਂ ਦੇ ਪੁਜਾਰੀਆਂ ਅਤੇ ਮਸੀਤਾਂ ਦੇ ਮੌਲਵੀਆਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦੀ ਰਕਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਪਹਿਲਾਂ ਵੀ ਸ. ਰੱਖੜਾ ਵਲੋਂ ਸਮਾਣਾ ਖੇਤਰ ਵਿਚ ਲਗਭਗ 150 ਗੁਰੂ ਘਰਾਂ ਦੇ ਸੇਵਾਦਾਰਾਂ ਅਤੇ ਮੰਦਰਾਂ ਦੇ ਪੁਜਾਰੀਆਂ ਨੂੰ ਸਹਾਇਤਾ ਰਕਮ ਦਿੱਤੀ ਗਈ ਸੀ | ਉਨ੍ਹਾਂ ਨੇ ਕਿਹਾ ਕਿ ਜਿਵੇਂ ਕਿ ਸਾਰਿਆਂ ਨੂੰ ਪਤਾ ਪੰਜਾਬ ਹੜ੍ਹਾਂ ਦੀ ਮਾਰ ਨਾਲ ਜੂਝ ਰਿਹਾ ਹੈ ਇਸ ਕਰਕੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ | ਰੱਖੜਾ ਪਰਿਵਾਰ ਵਲੋਂ ਇਸੇ ਲੜੀ ਦੇ ਤਹਿਤ ਪਹਿਲਾਂ ਹੀ ਸਹਾਇਤਾ ਲਈ 10 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ | ਇਸ ਮੁਹਿੰਮ ਦੇ ਤਹਿਤ ਉਨ੍ਹਾਂ ਵਲੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਗੁਰੂ ਘਰਾਂ ਦੇ ਪਾਠੀ ਸਿੰਘਾਂ, ਮੰਦਰਾਂ ਦੇ ਪੁਜਾਰੀਆਂ ਤੇ ਹੋਰ ਧਾਰਮਿਕ ਸੇਵਾਦਾਰਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ | ਉਨ੍ਹਾਂ ਵਲੋਂ ਪਿੰਡ ਨਿਜਾਮਣੀਵਾਲਾ ਜਾ ਕੇ ਵੀ ਵਿੱਤੀ ਮਦਦ ਕੀਤੀ ਗਈ | ਰੱਖੜਾ ਨੇ ਕਿਹਾ ਕਿ ਜਿੱਥੇ ਪੂਰਾ ਪੰਜਾਬ ਹੜ੍ਹਾਂ ਦੀ ਸਥਿਤੀ ਨਾਲ ਜੂਝ ਰਿਹਾ ਉੱਥੇ ਹਲਕਾ ਸਮਾਣਾ ਤੇ ਪਟਿਆਲਾ ਜ਼ਿਲ੍ਹਾ ਵੀ ਝੋਨੇ ਦੀ ਬਿਮਾਰੀ ਕਾਰਨ ਵੱਡੇ ਨੁਕਸਾਨ ਦਾ ਸਾਹਮਣਾ ਕਰ ਰਿਹਾ ਹੈ | ਕਿਸਾਨ ਨਾਲ ਹਰ ਵਰਗ ਜੁੜਿਆ ਹੋਇਆ ਹੈ ਇਸ ਲਈ ਸਾਡਾ ਫ਼ਰਜ਼ ਬਣਦਾ ਕਿ ਅਸੀਂ ਹਰ ਕਿਸੇ ਦੀ ਮਦਦ ਲਈ ਅੱਗੇ ਆਈਏ, ਉਨ੍ਹਾਂ ਨੇ ਵਾਅਦਾ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਜਿੱਥੇ ਵੀ ਲੋਕਾਂ ਨੂੰ ਲੋੜ ਹੋਵੇਗੀ ਰੱਖੜਾ ਪਰਿਵਾਰ ਵਲੋਂ ਪੂਰਾ ਸਹਿਯੋਗ ਦਿੱਤਾ ਜਾਏਗਾ | ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ, ਉਨ੍ਹਾਂ ਦੇ ਪੁੱਤਰ ਸੁੱਖੀ ਰੱਖੜਾ, ਇੰਦਰਜੀਤ ਸਿੰਘ ਰੱਖੜਾ, ਰਘਵੀਰ ਸਿੰਘ ਕਲਿਆਣ, ਜਸਪਾਲ ਸਿੰਘ ਸਾਬਕਾ ਚੇਅਰਮੈਨ, ਹਰਦੀਪ ਸਿੰਘ ਆਸੇਮਾਜਰਾ ਸਰਕਲ ਪ੍ਰਧਾਨ, ਜਸਵਿੰਦਰ ਸਿੰਘ ਮੁੰਡਖੇੜਾ, ਕੁਲਵੰਤ ਸਿੰਘ ਦਦਹੇੜਾ, ਰਣਜੀਤ ਸਿੰਘ ਬੀਬੀਪੁਰ ਅਤੇ ਹੋਰ ਪ੍ਰਮੁੱਖ ਹਸਤੀਆਂ ਹਾਜ਼ਰ ਰਹੀਆਂ |