ਨਾਭਾ, 17 ਅਕਤੂਬਰ (ਕਰਮਜੀਤ ਸਿੰਘ)-ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਤੇ ਸਿਵਲ ਹਸਪਤਾਲ ਨਾਭਾ ਦੇ ਐੱਸ.ਐਮ.ਓ ਡਾ. ਵੀਨੂ ਗੋਇਲ ਦੀ ਅਗਵਾਈ ਹੇਠ 18 ਅਕਤੂਬਰ ਤੱਕ ਨਾਭਾ ਸ਼ਹਿਰ ਦੇ ਵੱਖ-ਵੱਖ ਏਰੀਆ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਡੇਂਗੂ ਐਕਟੀਵਿਟੀ, ਫੀਵਰ ਸਰਵੇ ਅਤੇ ਹੈਲਥ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ | ਜਿਸ ਲੜੀ ਤਹਿਤ ਰੋਟਰੀ ਕਲੱਬ ਨਾਭਾ ਦੇ ਸਹਿਯੋਗ ਨਾਲ ਡੇਂਗੂ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ | ਇਹ ਕੈਂਪ ਰੋਟਰੀ ਭਵਨ ਨਾਭਾ ਵਿਚ ਲਗਾਇਆ ਗਿਆ | ਕੈਂਪ ਦੌਰਾਨ ਸਿਹਤ ਵਿਭਾਗ ਦੀ ਟੀਮ ਵਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਸੰਬੰਧੀ ਜਾਣਕਾਰੀ ਦਿੱਤੀ ਗਈ | ਇਸ ਮੈਡੀਕਲ ਕੈਂਪ ਦੌਰਾਨ 150 ਦੇ ਕਰੀਬ ਲੋਕਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਡੇਂਗੂ ਟੈਸਟਿੰਗ ਅਤੇ ਦਵਾਈਆਂ ਦਿੱਤੀਆਂ ਗਈਆਂ | ਲੋਕਾਂ ਨੂੰ ਘਰਾਂ ਵਿਚ ਸਾਫ-ਸਫਾਈ ਬਣਾਈ ਰੱਖਣ, ਪਾਣੀ ਖੜ੍ਹਾ ਨਾ ਹੋਣ ਦੇਣ, ਕੂਲਰ ਅਤੇ ਗਮਲੇ ਨਿਯਮਤ ਸਾਫ਼ ਕਰਨ ਬਾਰੇ ਜਾਗਰੂਕ ਕੀਤਾ ਗਿਆ | ਡਾ. ਵੀਨੂ ਗੋਇਲ ਨੇ ਕਿਹਾ ਕਿ ਸਿਹਤ ਵਿਭਾਗ ਅਤੇ ਸਮਾਜਕ ਸੰਗਠਨਾਂ ਦੇ ਸਹਿਯੋਗ ਨਾਲ ਡੇਂਗੂ ਨੂੰ ਕਾਬੂ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਸਿਹਤ ਵਿਭਾਗ ਦੁਆਰਾ ਖੱਟੜਾ ਕਾਲੋਨੀ, ਜਸਪਾਲ ਕਾਲੋਨੀ 'ਚ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਆਸ-ਪਾਸ ਦੇ ਏਰੀਏ ਵਿਚ ਫੀਵਰ ਸਰਵੇ ਕੀਤਾ ਗਿਆ | ਮੈਡੀਕਲ ਕੈਂਪਾਂ ਵਿਚ ਹੁਣ ਤੱਕ 200 ਤੋਂ ਵੱਧ ਲੋਕਾਂ ਦੇ ਮੈਡੀਕਲ ਚੈੱਕਅਪ ਅਤੇ ਟੈੱਸਟ ਕੀਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਰਵੀਦਾਸ ਮੰਦਿਰ ਬੋੜਾ ਗੇਟ, ਸ਼ਿਵਪੁਰੀ ਕਾਲੋਨੀ ਅਤੇ ਗੁਰੂ ਨਾਨਕਪੁਰਾ ਮੁਹੱਲਾ 'ਚ ਮੈਡੀਕਲ ਚੈੱਕਅਪ ਕੈਂਪ ਲਗਾਏ ਜਾਣਗੇ ਅਤੇ ਆਸ-ਪਾਸ ਦੇ ਖੇਤਰ ਵਿਚ ਫੀਵਰ ਸਰਵੇ ਕੀਤਾ ਜਾਵੇਗਾ | ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਹਰ ਘਰ ਵਿਚ ਸਾਫ਼-ਸਫ਼ਾਈ ਤੇ ਧਿਆਨ ਦਿੱਤਾ ਜਾਵੇ ਤਾਂ ਜੋ ਡੇਂਗੂ ਮੱਛਰਾਂ ਦੀ ਵਾਧੀ ਰੋਕੀ ਜਾ ਸਕੇ | ਉਨ੍ਹਾਂ ਲੋਕਾਂ ਨੂੰ ਘਰਾਂ ਵਿਚ ਕੂਲਰਾਂ, ਗਮਲਿਆਂ, ਛੱਤਾਂ ਤੇ ਰੱਖੀਆਂ ਟੈਂਕੀਆਂ ਵਿਚ ਖੜ੍ਹੇ ਪਾਣੀ ਨੂੰ ਹਫ਼ਤੇ ਵਿਚ ਇਕ ਵਾਰ ਜ਼ਰੂਰ ਚੰਗੀ ਤਰਾਂ ਸਾਫ਼ ਕਰਕੇ ਸੁਕਾਉਣ ਦੀ ਅਪੀਲ ਕੀਤੀ | ਰੋਟਰੀ ਕਲੱਬ ਨਾਭਾ ਵਲੋਂ ਇਹ ਯਕੀਨੀ ਬਣਾਇਆ ਗਿਆ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਅਗਾਂਹ ਵੀ ਜਾਰੀ ਰਹਿਣਗੇ ਤਾਂ ਜੋ ਨਾਭਾ ਸ਼ਹਿਰ ਨੂੰ ਡੇਂਗੂ-ਮੁਕਤ ਬਣਾਇਆ ਜਾ ਸਕੇ | ਰੋਟਰੀ ਕਲੱਬ ਨਾਭਾ ਦੇ ਅਹੁਦੇਦਾਰਾਂ ਅਤੇ ਨੁਮਾਇੰਦਿਆਂ ਦੁਆਰਾ ਡਾ. ਵੀਨੂੰ ਗੋਇਲ ਐੱਸ.ਐਮ.ਓ. ਅਤੇ ਸਿਵਲ ਹਸਪਤਾਲ ਨਾਭਾ ਦੀ ਟੀਮ ਨੂੰ ਸਨਮਾਨਿਤ ਕੀਤਾ | ਇਸ ਮੌਕੇ ਰੋਟਰੀ ਕਲੱਬ ਨਾਭਾ ਦੇ ਪ੍ਰਧਾਨ ਰਵਨੀਸ਼ ਕੁਮਾਰ ਗੋਇਲ, ਸੈਕਟਰੀ ਰੋਹਿਤ ਜਿੰਦਲ, ਡਾ. ਆਈ.ਡੀ. ਗੋਇਲ ਪ੍ਰੋਜੈਕਟ ਚੇਅਰਮੈਨ, ਕੈਸ਼ੀਅਰ ਨਿਤਿਨ ਗੁਪਤਾ, ਨਰਿੰਦਰ ਮੋਹਨ ਸ਼ਰਮਾ, ਸੀਨੀਅਰ ਫਾਰਮੇਸੀ ਅਫ਼ਸਰ, ਡਾ. ਹੀਨਾ ਸਿੰਗਲਾ, ਡਾ. ਆਰੁਸ਼ ਮੈਡੀਕਲ ਅਫ਼ਸਰ, ਰਜਿੰਦਰ ਸਿੰਘ ਚੋਪੜਾ ਐਮ.ਐਲ.ਟੀ, ਮਿਸ ਸਿਮਰਨ ਸਿੰਗਲਾ ਫਾਰਮੇਸੀ ਅਫ਼ਸਰ, ਜਸਵਿੰਦਰ ਕੌਰ ਐਲ.ਐੱਚ.ਵੀ, ਹਰਜੀਤ ਕੌਰ ਨਰਸਿੰਗ ਸਿਸਟਰ, ਅਮਨਦੀਪ ਕੌਰ, ਗੁਰਨਾਮ ਕੌਰ, ਸਰਬਜੀਤ ਕੌਰ ਏ.ਐਨ.ਐਮ., ਹਰਪ੍ਰੀਤ ਸਿੰਘ, ਹਰਦੀਪ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਸਿੰਘ, ਚਰਨਜੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ ਅਤੇ ਸਿਹਤ ਵਿਭਾਗ ਦੇ ਬਾਕੀ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ |