ਜਸਵੰਤ ਸਿੰਘ ਪੁਰਬਾ
ਫ਼ਰੀਦਕੋਟ, 19 ਜੂਨ : ਕਿਸੇ ਵੇਲੇ ਫ਼ਰੀਦਕੋਟ ਰਿਆਸਤ ਪੰਜਾਬ ਦੀ ਮਸ਼ਹੂਰ ਰਿਆਸਤ ਵਜੋਂ ਜਾਣੀ ਜਾਂਦੀ ਸੀ | ਇੱਥੋਂ ਦੇ ਰਾਜੇ ਨੇ ਫ਼ਰੀਦਕੋਟ ਸ਼ਹਿਰ ਅੰਦਰ ਕਈ ਤਰ੍ਹਾਂ ਦੀਆਂ ਇਤਿਹਾਸਕ ਇਮਾਰਤਾਂ ਬਣਾਈਆਂ, ਜੋ ਅੱਜ ਵੀ ਆਪਣੀ ਸੁੰਦਰਤਾ ਦੀ ਗਵਾਹੀ ਭਰਦੀਆਂ ਹਨ | ਹਾਲਾਂਕਿ ਕੁਝ ਇਮਾਰਤਾਂ ਨੂੰ ਸਰਕਾਰ ਨੇ ਆਪਣੇ ਕਬਜ਼ੇ 'ਚ ਲੈ ਲਿਆ ਪਰ ਹਾਲੇ ਵੀ ਕਈ ਇਮਾਰਤਾਂ ਅਜਿਹੀਆਂ ਹਨ ਜੋ ਆਪਣੇ ਦੁੱਖਾਂ ਦੀ ਕਹਾਣੀ ਆਪ ਬਿਆਨ ਕਰ ਰਹੀਆਂ ਹਨ | ਦੇਖਣ ਵਿਚ ਆ ਰਿਹਾ ਹੈ ਕਿ ਫ਼ਰੀਦਕੋਟ ਸ਼ਹਿਰ ਜੋ ਬਾਬਾ ਫ਼ਰੀਦ ਜੀ ਦੇ ਨਾਂਅ 'ਤੇ ਵੱਸਿਆ ਹੈ, ਉਹ ਕਿਸੇ ਵੇਲੇ ਰਿਆਸਤ ਹੁੰਦੀ ਸੀ ਜਿਸ 'ਚ ਬਰਾੜ ਬੰਸ ਰਾਜ ਕਰਿਆ ਕਰਦੇ ਸਨ | ਜਿਵੇਂ ਹੀ ਰਜਵਾੜਾਸ਼ਾਹੀ ਖ਼ਤਮ ਹੋਈ ਤਾਂ ਸ਼ਹਿਰ 'ਚ ਜਨਤਕ ਥਾਵਾਂ 'ਤੇ ਬਣੀਆਂ ਇਤਿਹਾਸਕ ਇਮਾਰਤਾਂ ਸਰਕਾਰ ਦੇ ਕਬਜ਼ੇ ਵਿਚ ਆ ਗਈਆਂ | ਭਾਵੇਂ ਕਿ ਇਹ ਇਮਾਰਤਾਂ ਆਪਣੀ ਖੂਬਸੂਰਤੀ ਕਾਰਨ ਖਿੱਚ ਦਾ ਕੇਂਦਰ ਸਨ ਪਰ ਅੱਜ ਇਨ੍ਹਾਂ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ | ਇਸ ਸ਼ਹਿਰ ਦੀਆਂ ਕਈ ਇਮਾਰਤਾਂ ਜਿਵੇਂ ਨਹਿਰੂ ਗੇਟ, ਫ਼ਰੀਦਕੋਟ ਦਾ ਸਟੇਟ ਗੇਟ, ਲਾਲ ਕੋਠੀ ਅਤੇ ਘੰਟਾ ਘਰ ਦੇਖਣਯੋਗ ਹਨ ਪਰ ਸਰਕਾਰਾਂ ਦੀ ਬੇਰੁਖੀ ਅਤੇ ਅਣਦੇਖੀ ਦੇ ਚਲਦਿਆਂ ਇਹ ਇਮਾਰਤਾਂ ਅੱਜ ਖੰਡਰ ਦਾ ਰੂਪ ਧਾਰਨ ਕਰਦੀਆਂ ਜਾ ਰਹੀਆਂ ਹਨ | ਉਹ ਸਮਾਂ ਦੂਰ ਨਹੀਂ ਜਦੋਂ ਇਹ ਇਮਾਰਤਾਂ ਢਹਿ ਢੇਰੀ ਹੋ ਜਾਣਗੀਆਂ ਅਤੇ ਆਪਣਾ ਇਤਿਹਾਸ ਗਵਾ ਲੈਣਗੀਆਂ | ਇੱਥੇ ਦੱਸ ਦਈਏ ਕਿ ਫ਼ਰੀਦਕੋਟ ਸ਼ਹਿਰ ਬਹੁਤ ਹੀ ਛੋਟਾ ਜਿਹਾ ਸ਼ਹਿਰ ਹੈ ਜਿਸ ਵਿਚ ਨਾ ਤਾਂ ਕੋਈ ਇੰਡਸਟਰੀ ਹੈ ਅਤੇ ਨਾ ਹੀ ਕੋਈ ਰੁਜ਼ਗਾਰ ਦੇ ਸਾਧਨ ਹਨ | ਇਹ ਸ਼ਹਿਰ ਸੈਰ ਸਪਾਟਾ ਵਜੋਂ ਵਿਕਸਤ ਹੋ ਸਕਦਾ ਹੈ | ਉਹ ਤਾਂ ਹੀ ਸੰਭਵ ਹੈ ਜੇ ਇੱਥੋੋਂ ਦੀਆਂ ਇਮਾਰਤਾਂ ਦੀ ਸਾਂਭ ਸੰਭਾਲ ਸਰਕਾਰ ਖੁਦ ਕਰੇ | ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੀ ਸੁੰਦਰਤਾ ਸਿਰਫ਼ ਇਨ੍ਹਾਂ ਇਮਾਰਤਾਂ ਦੇ ਸਿਰ 'ਤੇ ਖੜੀ ਹੈ ਪਰ ਇਨ੍ਹਾਂ ਨੂੰ ਵੀ ਸਰਕਾਰ ਦੀ ਬੇਰੁਖੀ ਅਤੇ ਅਨਦੇਖੀ ਦੇ ਕਾਰਨ ਸਾਂਭ ਸੰਭਾਲ ਪੱਖੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਕੋਈ ਯਤਨ ਕਰਕੇ ਇਨ੍ਹਾਂ ਇਮਾਰਤਾਂ 'ਤੇ ਕੁਝ ਰੁਪਏ ਖਰਚ ਕੇ ਇਨ੍ਹਾਂ ਨੂੰ ਆਪਣੀ ਵਿਰਾਸਤੀ ਪਹਿਚਾਣ ਦੇਵੇ ਤਾਂ ਜੋ ਦੂਜੇ ਸ਼ਹਿਰਾਂ ਤੋਂ ਆਉਣ ਵਾਲੇ ਲੋਕ ਇਨ੍ਹਾਂ ਇਤਿਹਾਸਕ ਇਮਾਰਤਾਂ ਦੀ ਖੂਬਸੂਰਤੀ ਦੇਖ ਸਕਣ | ਉਧਰ ਇਸ ਸੰਬੰਧੀ ਡਿਪਟੀ ਕਮਿਸ਼ਨਰ ਫ਼ਰੀਦਕੋਟ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਇਸ ਸਬੰਧੀ ਕੋਈ ਆਪਣੀ ਰਾਏ ਦੇਣੀ ਜ਼ਰੂਰੀ ਨਾ ਸਮਝੀ |
ਘੰਟਾ ਘਰ ਰਾਜੇ ਨੇ ਮਹਾਰਾਣੀ ਵਿਕਟੋਰੀਆ ਦੇ ਨਾਂਅ 'ਤੇ ਬਣਾਇਆ ਸੀ
ਫ਼ਰੀਦਕੋਟ ਸ਼ਹਿਰ ਦੇ ਕੇਂਦਰੀ ਸਥਾਨ 'ਤੇ ਬਣਿਆ ਘੰਟਾ ਘਰ ਬਹੁਤ ਹੀ ਖੂਬਸੂਰਤ ਟਾਵਰ ਹੈ | ਇਹ ਮਹਾਰਾਜਾ ਬਲਬੀਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ 1902 ਵਿਚ ਮਹਾਰਾਣੀ ਵਿਕਟੋਰੀਆ ਦੇ ਨਾਂਅ 'ਤੇ ਬਣਾਇਆ ਸੀ | ਇਸ ਨੂੰ ਆਰਟੀਟੈਕਟ ਨੇ ਫ਼ਰੈਂਚ ਵਿਚ ਡਿਜ਼ਾਇਨ ਕੀਤਾ ਹੋਇਆ ਹੈ | ਇਸ ਦੀ 115 ਫ਼ੁੱਟ ਉਚਾਈ ਅਤੇ ਚਾਰ ਰਸਤਿਆਂ ਦੇ ਵਿਚਕਾਰ ਸੁਸ਼ੋਭਿਤ ਹੈ | ਇਸ ਦੇ ਚਾਰੇ ਪਾਸੇ ਸਵਿਜ਼ਰਲੈਂਡ ਦੀਆਂ ਘੜੀਆਂ ਲੱਗੀਆਂ ਹੋਈਆਂ ਹਨ | ਇਸ ਘੜੀ 'ਤੇ ਘੰਟਿਆਂ ਦੀ ਜਾਣਕਾਰੀ ਪੂਰੇ ਸ਼ਹਿਰ ਵਿਚ ਸੁਣਾਈ ਦਿੰਦੀ ਸੀ |
ਨਹਿਰੂ ਗੇਟ ਦਾ ਇਤਿਹਾਸ ਪਰਜਾ ਮੰਡਲ ਲਹਿਰ ਨਾਲ ਜੁੜਿਆ ਹੋਇਆ
ਨਹਿਰੂ ਗੇਟ ਪਰਜਾ ਮੰਡਲ ਲਹਿਰ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਆਜ਼ਾਦੀ ਤੋਂ ਪਹਿਲਾਂ ਰਜਵਾੜਾਸ਼ਾਹੀ ਵਿਰੁੱਧ ਫ਼ਰੀਦਕੋਟ ਵਿਖੇ ਸ਼ੁਰੂ ਹੋਈ ਪਰਜਾ ਮੰਡਲ ਲਹਿਰ ਵਿਚ ਸ਼ਾਮਿਲ ਹੋਣ ਲਈ ਆਏ ਸਨ | ਰਿਆਸਤ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਇਸ ਗੇਟ 'ਤੇ ਹੀ ਗਿ੍ਫ਼ਤਾਰ ਕਰ ਲਿਆ ਸੀ | ਆਜ਼ਾਦੀ ਤੋਂ ਬਾਅਦ ਇਸ ਗੇਟ ਦਾ ਨਾਂਅ ਉਨ੍ਹਾਂ ਦੇ ਨਾਂਅ 'ਤੇ ਹੀ ਨਹਿਰੂ ਗੇਟ ਰੱਖ ਦਿੱਤਾ ਗਿਆ ਸੀ |
ਰਿਆਸਤੀ ਸ਼ਹਿਰ ਫ਼ਰੀਦਕੋਟ 'ਚ ਬਣੀਆਂ ਇਤਿਹਾਸਕ ਇਮਾਰਤਾਂ ਹੋ ਰਹੀਆਂ ਖੰਡਰ
ਅਜੀਤ ਡੈਸਕ
20-06-2025