ਸ੍ਰੀ ਮੁਕਤਸਰ ਸਾਹਿਬ, 19 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵਲੋਂ ਦਫ਼ਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ੇਸ਼ ਖ਼ੂਨਦਾਨ ਕੈਂਪ ਲਾਇਆ ਜਾ ਗਿਆ | ਇਸ ਖ਼ੂਨਦਾਨ ਕੈਂਪ ਦੀ ਸ਼ੁਰੂਆਤ ਡਾ. ਜਗਦੀਪ ਚਾਵਲਾ ਸਿਵਲ ਸਰਜਨ ਵਲੋਂ ਖ਼ੁਦ ਖ਼ੂਨਦਾਨ ਕਰਕੇ ਕੀਤੀ ਗਈ | ਇਸ ਕੈਂਪ ਵਿਚ ਸਿਹਤ ਵਿਭਾਗ ਦੇ ਸਟਾਫ਼ ਤੋਂ ਇਲਾਵਾ, ਦਫ਼ਤਰ ਜ਼ਿਲ੍ਹਾ ਉਦਯੋਗ ਕੇਂਦਰ, ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਦਫ਼ਤਰ ਉਸਾਰੀ ਮੰਡਲ ਭਵਨ ਅਤੇ ਇਮਾਰਤ ਸ਼ਾਖ਼ਾ ਦੇ ਸਟਾਫ਼ ਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਅਤੇ ਆਮ ਲੋਕਾਂ ਨੇ ਸਵੈ-ਇੱਛੁਕ ਖ਼ੂਨਦਾਨ ਕੀਤਾ | ਇਸ ਮੌਕੇ ਡਾ. ਜਗਦੀਪ ਚਾਵਲਾ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਮੇਂ-ਸਮੇਂ 'ਤੇ ਲੋਕਾਂ ਨੂੰ ਖ਼ੂਨਦਾਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਨੂੰ ਆਪਣਾ ਬਲੱਡ ਗਰੁੱਪ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਐਮਰਜੈਂਸੀ ਦੌਰਾਨ ਖ਼ੂਨਦਾਨ ਕਰਨ ਲੱਗਿਆ ਜਾਂ ਇਲਾਜ ਕਰਵਾਉਣ ਲੱਗਿਆ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਿਹਾ ਬਲੱਡ ਬੈਂਕ 24 ਘੰਟੇ ਖੁੱਲ੍ਹਾ ਰਹਿੰਦਾ ਹੈ ਅਤੇ ਜ਼ਰੂਰਤਮੰਦ ਵਿਅਕਤੀ ਲਈ ਬਲੱਡ ਬੈਂਕ ਵਿਚ ਖ਼ੂਨ ਹੋਣਾ ਬਹੁਤ ਜ਼ਰੂਰੀ ਹੈ ਇਹ ਤਾਂ ਹੀ ਸੰਭਵ ਹੋ ਸਕਦਾ ਹੈ | ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ 42 ਯੂਨਿਟ ਖ਼ੂਨ ਇੱਕਤਰ ਕੀਤਾ ਗਿਆ | ਇਸ ਮੌਕੇ ਦੁਪਿੰਦਰ ਕੁਮਾਰ ਜ਼ਿਲ੍ਹਾ ਸਿਹਤ ਅਫ਼ਸਰ, ਡਾ. ਕੁਲਤਾਰ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਅਰਪਨਦੀਪ ਸਿੰਘ ਸੀਨੀਅਰ ਮੈਡੀਕਲ ਅਫ਼ਸਰ, ਡਾ. ਹਰਕੀਰਤਨ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ, ਡਾ. ਅਮਨਿੰਦਰ ਸਿੰਘ ਬੀ.ਟੀ.ਓ., ਦਫ਼ਤਰ ਸਿਵਲ ਸਰਜਨ ਦਾ ਸਟਾਫ਼ ਅਤੇ ਬਲੱਡ ਬੈਂਕ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਹਾਜ਼ਰ ਸੀ |