30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

9 ਸਾਲਾਂ 'ਚ ਬੁੱਢੀ ਹੋਈ ਕੱਖਾਂਵਾਲੀ ਮਾਈਨਰ ਦੀ ਮੁਫ਼ਤ 'ਚ ਸਜ਼ਾ ਭੁਗਤ ਰਹੇ ਹਨ ਕਿਸਾਨ

ਅਜੀਤ ਡੈਸਕ 23-11-2025
ਮੰਡੀ ਕਿੱਲਿਆਂਵਾਲੀ, 22 ਨਵੰਬਰ (ਇਕਬਾਲ ਸਿੰਘ ਸ਼ਾਂਤ)-ਕਰੀਬ 9 ਸਾਲ ਪਹਿਲਾਂ ਮੁੜ ਉਸਾਰੀ ਗਈ ਕੱਖਾਂਵਾਲੀ ਮਾਈਨਰ ਨੀਤੀਗਤ ਦਸ ਸਾਲਾ ਮਿਆਦ ਤੋਂ ਪਹਿਲਾਂ ਹੀ ਬੁਢਾਪਾ ਧਾਰ ਚੁੱਕੀ ਹੈ | ਗ਼ਲਤ ਬਣਤਰ ਤੇ ਮਾੜੇ ਨਿਰਮਾਣ ਕਾਰਜ ਕਰਕੇ ਕਰੀਬ ਪੰਜ ਪਿੰਡ ਕੰਦੂਖੇੜਾ, ਭੁੱਲਰਵਾਲਾ, ਕੱਖਾਂਵਾਲੀ, ਹਾਕੂਵਾਲਾ ਤੇ ਭੀਟੀਵਾਲਾ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ | ਖ਼ਾਸ ਤੌਰ 'ਤੇ ਭੀਟੀਵਾਲਾ ਦੇ ਕਾਫ਼ੀ ਕਿਸਾਨਾਂ ਲਈ ਬੇਵਜ੍ਹਾ ਸਜ਼ਾ ਬਣੀ ਹੋਈ ਹੈ | ਭੀਟੀਵਾਲਾ ਦੇ ਕਿਸਾਨ ਪੱਪੂ ਸਿੰਘ, ਵਰਿੰਦਰ ਸਿੰਘ ਤੇ ਸੁਖਬੀਰ ਸਿੰਘ ਦਾ ਦੋਸ਼ ਹੈ ਕਿ ਉਨ੍ਹਾਂ ਦੇ ਖੇਤੀ ਰਕਬੇ ਦਾ ਮਾਈਨਰ ਦਾ ਕੋਈ ਸਿੱਧਾ ਵਾਸਤਾ ਨਹੀਂ ਹੈ, ਪਰ ਖ਼ਸਤਾ ਮਾਈਨਰ ਵਾਰ-ਵਾਰ ਟੁੱਟਣ ਕਰਕੇ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਹੋ ਰਹੀਆਂ ਹਨ | 13 ਨਵੰਬਰ ਨੂੰ ਮਾਈਨਰ ਮੁੜ ਟੁੱਟਣ ਕਰਕੇ ਇਨ੍ਹਾਂ ਕਿਸਾਨਾਂ ਦੀ ਲਗਪਗ 20-30 ਏਕੜ ਕਣਕ ਬੀਜਾਂਦ ਖ਼ਰਾਬ ਹੋ ਗਈ | ਕਿਸਾਨਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਮਾਈਨਰ ਦੀ ਮੁੜ ਉਸਾਰੀ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ | ਜ਼ਿਕਜਯੋਗ ਹੈ ਕਿ ਭੀਟੀਵਾਲਾ ਦਾ ਸਿਰਫ਼ 70-75 ਏਕੜ ਰਕਬਾ ਹੀ ਇਸ ਮਾਈਨਰ 'ਤੇ ਮੁਨਹੱਸਰ ਹੈ | ਕਿਸਾਨ ਵਰਿੰਦਰ ਸਿੰਘ ਭੀਟੀਵਾਲਾ ਮੁਤਾਬਕ ਮਾਈਨਰ ਜਗ੍ਹਾ-ਜਗ੍ਹਾ ਤੋਂ ਲੀਕ ਕਰਦੀ ਹੈ ਅਤੇ ਪਾਣੀ ਦਾ ਦਬਾਅ ਵਧਦਾ ਹੈ ਤਾਂ ਟੁੱਟ ਜਾਂਦੀ ਹੈ, ਜਿਸ ਦਾ ਖ਼ਾਮਿਆਜ਼ਾ ਉਨ੍ਹਾਂ ਨੂੰ ਹੀ ਬੇਵਜ੍ਹਾ ਭੁਗਤਣਾ ਪੈਂਦਾ ਹੈ | ਮਾਈਨਰ ਦਾ ਨਿਰਮਾਣ 2016 ਸਾਲ ਵਿਚ ਸਾਬਕਾ ਅਕਾਲੀ ਸਰਕਾਰ ਸਮੇਂ ਹੋਇਆ ਸੀ, ਪਰ ਮਾੜੇ ਨਿਰਮਾਣ ਕਰਕੇ ਸਿਰਫ਼ ਨੌ ਸਾਲਾਂ 'ਚ ਮਾਈਨਰ ਭਿਆਂ ਬੋਲ ਚੁੱਕੀ ਹੈ | ਵਿਭਾਗੀ ਸੂਤਰਾਂ ਮੁਤਾਬਕ ਦਸ ਸਾਲ ਪੂਰੇ ਹੋਣ ਮਗਰੋਂ ਹੀ ਮਾਈਨਰ ਦੀ ਦੁਬਾਰਾ ਉਸਾਰੀ ਸੰਬੰਧੀ ਐਸਟੀਮੇਟ ਬਣ ਸਕਦਾ ਹੈ | ਗ਼ਲਤ ਲੈਵਲ ਕਰਕੇ ਤਿੰਨ ਟੇਲਾਂ ਕੰਦੂਖੇੜਾ, ਭੁੱਲਰਵਾਲਾ, ਭੀਟੀਵਾਲਾ ਤੇ ਪੰਜ ਮੋਘਿਆਂ ਦੇ ਤਹਿਤ ਕਰੀਬ ਦੋ ਹਜ਼ਾਰ ਏਕੜ ਰਕਬਾ ਸੰਤਾਪ ਝੱਲ ਰਿਹਾ ਹੈ | ਉੱਪਰੋਂ ਕੱਖਾਂਵਾਲੀ ਖੇਤਰ 'ਚ ਪਾਈਪਾਂ ਰਾਹੀਂ ਪਾਣੀ ਚੋਰੀ ਵੀ ਵੱਡੀ ਚੁਣੌਤੀ ਹੈ | ਸਮੱਸਿਆ ਦੇ ਹੱਲ ਸੰਬੰਧੀ ਖੇਤਰ ਦੀ ਸਮੁੱਚੀ ਕਿਸਾਨੀ ਤਿਉਣਾ ਮਾਈਨਰ ਨਾਲ ਪਾਈਪ ਰਾਹੀਂ ਜੋੜਨ ਲਈ ਸੰਘਰਸ਼ਸ਼ੀਲ ਹੈ | ਕਿਸਾਨਾਂ ਮੁਤਾਬਕ ਸੱਤਾਪੱਖੀ ਵੱਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਿਸੇ ਨੇ ਗੱਲ ਨਹੀਂ ਸੁਣੀ |
ਪਿਛਲੀ ਖ਼ਬਰ ਖ਼ਰੀਦ ਏਜੰਸੀ ਪਨਗ੍ਰੇਨ ਖ਼ਿਲਾਫ਼ ਮੈਦਾਨ 'ਚ ਨਿੱਤਰਿਆ ਆੜ੍ਹਤੀਆ ਅਗਲੀ ਖ਼ਬਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਖੇਤੀਬਾੜੀ ਦਫ਼ਤਰ ਦਾ ਅਚਨਚੇਤ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।