ਸ੍ਰੀ ਮੁਕਤਸਰ ਸਾਹਿਬ, 17 ਜੂਨ (ਹਰਮਹਿੰਦਰ ਪਾਲ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21 ਜੂਨ ਨੂੰ ਗਿਆਰਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਣਾ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਇਹ ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਯੋਗਾ ਦਿਵਸ ਗੁਰੂ ਗੋਬਿੰਦ ਸਿੰਘ ਪਾਰਕ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 6 ਤੋਂ 7:30 ਵਜੇ ਤੱਕ ਮਨਾਇਆ ਜਾਵੇਗਾ | ਇਹ ਪ੍ਰਗਟਾਵਾ ਸਹਾਇਕ ਕਮਿਸ਼ਨਰ ਜਨਰਲ ਰੁਪਾਲੀ ਟੰਡਨ ਨੇ ਕੀਤਾ | ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮਾਗਮ ਵਾਲੀ ਥਾਂ 'ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ, ਟ੍ਰੈਫ਼ਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ, ਐਂਬੂਲੈਂਸ ਸਮੇਤ ਮੈਡੀਕਲ ਟੀਮ ਤਾਇਨਾਤ, ਆਲੇ-ਦੁਆਲੇ ਦੀ ਸਫ਼ਾਈ ਯਕੀਨੀ ਬਣਾਉਣ ਅਤੇ ਪਾਣੀ ਦਾ ਛਿੜਕਾਅ ਕਰਵਾਉਣ ਅਤੇ ਸਮਾਗਮ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ | ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਯੋਗ ਦੇ ਫ਼ਾਇਦਿਆਂ ਬਾਰੇ ਜਾਣੂ ਕਰਵਾਇਆ ਜਾ ਸਕੇ | ਉਨ੍ਹਾਂ ਦੱਸਿਆ ਕਿ ਵਿਸ਼ਵ ਨੂੰ ਸਿਹਤਮੰਦ ਜੀਵਨ ਜਿਊਣ ਦਾ ਸੰਦੇਸ਼ ਦੇਣ ਲਈ ਹਰ ਸਾਲ ਇਸ ਦਿਨ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ | ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਿੰਦਰ ਕੁਮਾਰ ਸੋਨੀ, ਆਯੂਰਵੈਦਿਕ ਮੈਡੀਕਲ ਅਫ਼ਸਰ ਕਮ ਨੋਡਲ ਅਫ਼ਸਰ ਡਾ. ਸ਼ਿਲਪਾ ਭੌਨ, ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਗੁਰਲੀਨ ਕੌਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |