ਮਲੋਟ, 18 ਜੂਨ (ਪਾਟਿਲ)-ਪਿੰਡ ਕਟੋਰੇਵਾਲਾ ਵਿਖੇ ਸੋਮਵਾਰ ਨੂੰ ਅਗਵਾ ਕੀਤੇ ਨੌਜਵਾਨ ਦੇ ਮਾਮਲੇ ਵਿਚ ਪੁਲਿਸ ਨੇ 6 ਅਣਪਛਾਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ | ਇਸ ਸੰਬੰਧੀ ਜਸਬੀਰ ਸਿੰਘ ਪੁੱਤਰ ਗੋਪਾਲ ਸਿੰਘ ਵਲੋਂ ਸਕਾਰਪੀਓ ਨੰਬਰ ਪੀ ਬੀ- 02 ਈ ਵਾਈ-9000 'ਤੇ ਆਏ 6 ਅਗਵਾਕਾਰਾਂ ਵਲੋਂ ਘਰ ਵਿਚ ਦਾਖ਼ਲ ਹੋ ਕੇ ਫ਼ਾਇਰਿੰਗ ਕਰਨ 'ਤੇ ਰਣਜੀਤ ਸਿੰਘ ਨੂੰ ਅਗਵਾ ਕਰਨ ਸਬੰਧੀ ਸ਼ਿਕਾਇਤ ਤੋਂ ਬਾਅਦ ਸਦਰ ਮਲੋਟ ਪੁਲਿਸ ਨੇ 6 ਅਣਪਛਾਤੇ ਵਿਅਕਤੀਆਂ ਵਿਰੁੱਧ ਘਰ ਵਿਚ ਦਾਖਲ ਹੋਣ, ਅਗਵਾ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੌਕੇ ਤੋਂ 6 ਖੋਲ ਅਤੇ 2 ਜਿੰਦਾ ਰੌਂਦ ਬਰਾਮਦ ਕੀਤੇ ਹਨ | ਪੁਲਿਸ ਮਾਮਲੇ ਦੀ ਜੜ ਤੱਕ ਪੁੱਜ ਗਈ ਹੈ ਅਤੇ ਪੁਲਿਸ ਨੇ ਅਗਵਾ ਹੋਏ ਨੌਜਵਾਨ ਰਣਜੀਤ ਸਿੰਘ ਨੂੰ ਵੀ ਸੁਰੱਖਿਅਤ ਕਰ ਲਿਆ ਹੈ ਪਰ ਇਸ ਸੰਬੰਧੀ ਅਜੇ ਅਧਿਕਾਰੀਆਂ ਵਲੋਂ ਸਪੱਸ਼ਟ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਜਾ ਰਹੀ | ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਵਲੋਂ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਕਰਕੇ ਜਿੱਥੇ ਅਗਵਾਕਾਰ ਦੋਸ਼ੀਆਂ ਨੂੰ ਗਿ੍ਫਤਾਰ ਕਰਨ ਲਈ ਦਬਾਅ ਬਣਾ ਰਹੀ ਹੈ | ਉੱਥੇ ਅਗਵਾ ਹੋਏ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਪੁਲਿਸ ਨੂੰ ਦੋਸ਼ੀਆਂ ਦੀ ਸ਼ਨਾਖਤ 'ਚ ਹੋਰ ਅਸਾਨੀ ਹੋ ਸਕਦੀ ਹੈ |