23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਮੁਸਾਫ਼ਿਰਾਂ ਨੂੰ ਰੜਕਦੀ ਹੈ ਬਾਜਾਖਾਨਾ ਵਿਖੇ ਪੱਕਾ ਬੱਸ ਅੱਡਾ ਨਾ ਹੋਣ ਦੀ ਘਾਟ

ਅਜੀਤ ਡੈਸਕ 21-06-2025

ਬਾਜਾਖਾਨਾ, 20 ਜੂਨ (ਜੀਵਨ ਗਰਗ)-ਕੌਮੀ ਸ਼ਾਹ ਮਾਰਗ 54 ਦੇ ਚਾਰ-ਛੇ ਮਾਰਗੀ ਬਣਨ ਤੋਂ ਪਹਿਲਾਂ ਬਾਜਾਖਾਨਾ ਵਿਖੇ ਪੱਕਾ ਬੱਸ ਅੱਡਾ ਬਣਿਆ ਹੋਇਆ ਸੀ | ਜਿਸ 'ਚ ਮੁਸਾਫਿਰਾਂ ਲਈ ਹਰ ਤਰ੍ਹਾਂ ਦੀਆਂ ਸਹੂਲਤਾ ਜਿਵੇ ਬੱਸਾਂ ਦਾ ਇੰਤਜ਼ਾਰ ਕਰਨ ਲਈ ਵੱਡਾ ਸ਼ੈੱਡ, ਹਵਾ ਲਈ ਪੱਖੇ, ਪੀਣ ਵਾਲਾ ਠੰਢਾ ਪਾਣੀ, ਪਖਾਨੇ ਆਦਿ ਉਪਲਬਧ ਸਨ ਕਿਉਂਕਿ ਇਹ ਗੱਲ ਸਾਫ਼ ਹੈ ਕਿ ਜਦੋਂ ਅੱਡੇ ਨਾਲ ਸੰਬੰਧਿਤ ਵਿਅਕਤੀ ਜਾਂ ਵਿਭਾਗ ਵਲੋਂ ਬੱਸਾਂ ਤੋਂ ਅੱਡਾ ਪਰਚੀ ਵਸੂਲੀ ਜਾਵੇਗੀ ਤਾਂ ਸਵਾਰੀਆਂ ਨੂੰ ਸਹੂਲਤਾਂ ਦੇਣਾ ਵੀ ਉਸ ਦਾ ਫਰਜ਼ ਹੁੰਦਾ ਹੈ | ਬਾਜਾਖਾਨਾ ਵਿਖੇ ਚੌਰਸਤਾ ਹੋਣ ਕਰਕੇ ਬਰਨਾਲਾ ਬਠਿੰਡਾ ਜੈਤੋ, ਕੋਟਕਪੂਰਾ ਆਦਿ ਸ਼ਹਿਰਾਂ ਨੂੰ ਜਾਣ ਆਉਣ ਵਾਲੀਆਂ ਸਾਰੀਆਂ ਬੱਸਾਂ ਇਸ ਬੱਸ ਅੱਡੇ 'ਚੋਂ ਹੋ ਕਿ ਗੁਜਰਦੀਆਂ ਸਨ | ਇਸ ਕਰਕੇ ਇਸ ਬੱਸ ਅੱਡੇ ਦੀ ਰਾਹਗੀਰਾਂ ਨੂੰ ਬਹੁਤ ਵੱਡੀ ਸਹੂਲਤ ਸੀ ਪ੍ਰੰਤੂ ਇਸ ਮਾਰਗ ਦੇ ਬਣਨ ਤੋਂ ਬਾਅਦ ਇਹ ਬਿਲਕੁਲ ਬੰਦ ਹੋ ਗਿਆ ਬੱਸਾਂ ਸਿਰਫ਼ ਹੁਣ ਚੌਂਕ 'ਚ ਰੁਕਦੀਆਂ ਹਨ | ਜਿਥੇ ਵੀ ਸਵਾਰੀਆਂ ਨੇ ਬੱਸਾਂ 'ਚ ਚੜ੍ਹਨਾ ਉੱਤਰਣਾ ਹੁੰਦਾ ਹੈ ਉਸ ਥਾਂ 'ਤੇ ਸਵਾਰੀਆਂ ਦੇ ਬੈਠਣ ਲਈ ਕੋਈ ਥਾਂ ਨਹੀਂ ਅਤੇ ਨਾ ਹੀ ਮੀਂਹ, ਕਣੀ ਧੁੱਪ ਤੋਂ ਬਚਣ ਲਈ ਕੋਈ ਸ਼ੈੱਡ ਹੈ | ਸਭ ਤੋਂ ਜੋ ਵੱਡੀ ਮੁਸ਼ਕਲ ਹੈ ਉਹ ਔਰਤਾਂ ਤੇ ਖਾਸਕਰ ਨੌਜਵਾਨ ਲੜਕੀਆਂ ਲਈ ਹੈ | ਇਥੇ ਕਿਸੇ ਵੀ ਥਾਂ 'ਤੇ ਪਖਾਨਿਆਂ ਦਾ ਕੋਈ ਪ੍ਰਬੰਧ ਨਹੀਂ ਇਸ ਕਰਕੇ ਜਦੋਂ ਵੀ ਔਰਤਾਂ ਨੂੰ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ ਤਾਂ ਉਨ੍ਹਾਂ ਕੋਲ ਇਸ ਦਾ ਕੋਈ ਬਦਲ ਦਿਖਾਈ ਨਹੀਂ ਦਿੰਦਾ | ਜਿਸ ਕਰਕੇ ਮਜ਼ਬੂਰੀ ਵੱਸ ਉਨ੍ਹਾਂ ਨੂੰ ਖੁੱਲ੍ਹੇ ਹੀ ਜਾਣਾ ਪੈਂਦਾ ਹੈ | ਇਸ ਤੋਂ ਇਲਾਵਾ ਇਸ ਸੜਕ ਦੇ ਨਾਲ ਬਣੀ ਸਰਵਿਸ ਰੋਡ ਨਾਲ ਬਣੇ ਨਿਕਾਸੀ ਨਾਲੇ ਦੇ ਪਾਣੀ ਦਾ ਕੋਈ ਨਿਕਾਸ ਨਹੀਂ ਮੀਂਹ ਦੇ ਮੌਸਮ 'ਚ ਇਸ ਸੜ੍ਹਕ ਦੇ ਪਾਣੀ ਭਰ ਜਾਂਦਾ ਜਿਸ ਨਾਲ ਸਵਾਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜਿਸ ਥਾਂ ਤੇ ਸਵਾਰੀਆਂ ਬੱਸਾਂ ਦਾ ਇੰਤਜਾਰ ਕਰਦੀਆਂ ਹਨ ਇਸ ਦੇ ਨਜ਼ਦੀਕ ਹੀ ਬਿਲਕੁਲ ਸੰਘਣੀ ਅਬਾਦੀ 'ਚ ਹੱਡਾ ਰੋੜੀ ਸਥਿਤ ਹੈ, ਇਸ ਕਰਕੇ ਹਵਾ ਦੇ ਰੁਕ ਨਾਲ ਇਸ ਹੱਡਾ ਰੋੜੀ ਦੇ ਮਰੇ ਹੋਏ ਪਸ਼ੂਆਂ ਦਾ ਮੁਸ਼ਕ ਵੀ ਸਵਾਰੀਆਂ ਲਈ ਕਾਫ਼ੀ ਮੁਸ਼ਕਲਾਂ ਪੈਦਾ ਕਰਦਾ ਹੈ | ਬਾਜਾਖਾਨਾ ਵਿਖੇ ਚੌਰੁਸਤਾ 'ਚ ਜਦੋਂ ਕਈ ਵਾਰ ਆਵਾਜਾਈ ਜ਼ਿਆਦਾ ਹੁੰਦੀ ਹੈ ਤਾਂ ਵਹੀਕਲ ਚੌਂਕ ਦੇ ਵਿਚਕਾਰ ਹੀ ਰੁਕ ਜਾਂਦੇ ਹਨ ਜਿਸ ਕਾਰਨ ਇਥੇ ਹੁਣ ਤੱਕ ਕਈ ਸੜ੍ਹਕ ਹਾਦਸੇ ਵੀ ਵਾਪਰ ਚੁੱਕੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ | ਇਸ ਕਰਕੇ ਪੱਕੇ ਬੱਸ ਅੱਡੇ ਤੋਂ ਬਿਨ੍ਹਾਂ ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਕੋਈ ਹੱਲ ਨਹੀਂ | ਭਾਂਵੇ ਬਾਜਖਾਨਾ ਅਤੇ ਇਸ ਦੇ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਨੇ ਸਬੰਧਿਤ ਵਿਭਾਗ ਤੋਂ ਕਈ ਵਾਰ ਮੰਗ ਕੀਤੀ ਹੈ ਕਿ ਇਥੇ ਪਹਿਲਾਂ ਦੀ ਤਰ੍ਹਾਂ ਪੱਕਾ ਬੱਸ ਅੱਡਾ ਬਣਾਇਆਂ ਜਾਵੇ ਜੇਕਰ ਇਹ ਸੰਭਵ ਨਹੀਂ ਤਾਂ ਪੁਰਾਣੇ ਬੱਸ ਅੱਡੇ ਨੂੰ ਮੁੜ ਤੋਂ ਚਾਲੂ ਕੀਤਾ ਜਾ ਸਕੇ ਤਾਂ ਕਿ ਸਵਾਰੀਆਂ ਨੂੰ ਕਿਸੇ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ | ਪ੍ਰੰਤੂ ਪੱਕੇ ਬੱਸ ਅੱਡੇ ਦੀ ਮੰਗ ਵਾਰ ਵਾਰ ਦੁਹਰਾਏ ਜਾਣ ਦੇ ਬਾਵਜੂਦ ਕਿਸੇ ਸਰਕਾਰ ਨੇ ਲੋਕਾਂ ਦੀ ਇਸ ਮੁਸ਼ਕਲ ਵੱਲ ਧਿਆਨ ਨਹੀਂ ਦਿੱਤਾ | ਬਾਜਾਖਾਨਾ ਦੇ ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਕੋਲ ਇਸ ਦਾ ਕੋਈ ਬਦਲ ਨਹੀਂ ਤਾਂ ਬੱਸ ਅੱਡਾ ਬਣਾਉਣ ਦੇ ਅਧਿਕਾਰੀ ਪੰਚਾਇਤਾਂ ਨੂੰ ਦਿੱਤੇ ਜਾਣ ਉਹ ਰਲ ਮਿਲ ਕਿ ਇਸ ਕੋਈ ਬਦਲ ਜ਼ਰੂਰੀ ਕੱਢ ਲੈਣਗੀਆਂ |

ਪਿਛਲੀ ਖ਼ਬਰ ਹੈਰੋਇਨ ਦਾ ਸੇਵਨ ਕਰਦਾ ਨੌਜਵਾਨ ਕਾਬੂ ਅਗਲੀ ਖ਼ਬਰ 2 ਨੌਜਵਾਨ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।