ਸ੍ਰੀ ਮੁਕਤਸਰ ਸਾਹਿਬ, 20 ਜੂਨ (ਰਣਜੀਤ ਸਿੰਘ ਢਿੱਲੋਂ)-ਪਾਵਰਕਮ ਸੀ.ਐੱਚ.ਬੀ. ਲਾਈਨਮੈਨ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਸੂਬਾ ਕਮੇਟੀ ਦੀ ਮੀਟਿੰਗ ਹੋਈ | ਇਸ ਸੰਬੰਧੀ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਅੰਗਰੇਜ਼ ਸਿੰਘ, ਸੂਬਾ ਜਨਰਲ ਸਕੱਤਰ ਰਾਕੇਸ਼ ਕੁਮਾਰ ਲੰਬੀ, ਸੂਬਾ ਮੀਤ ਪ੍ਰਧਾਨ ਪਿ੍ਤਪਾਲ ਸਿੰਘ ਬੁੱਟਰ, ਸੂਬਾ ਕਾਨੂੰਨੀ ਸਲਾਹਕਾਰ ਬਲਰਾਮ, ਸੂਬਾ ਸਹਿ ਸਕੱਤਰ ਮਨਜੀਤ ਸਿੰਘ ਜੀਰਾ, ਸੂਬਾ ਕਮੇਟੀ ਮੈਂਬਰ ਕੁਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸੀ.ਐੱਚ.ਬੀ. ਅਤੇ ਸੀ.ਐੱਚ.ਡਬਲਯੂ. ਮੁਲਾਜ਼ਮਾਂ ਦੀਆਂ ਮੰਗਾਂ ਕਾਫ਼ੀ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆ ਸਨ | ਇਨ੍ਹਾਂ ਮੰਗਾਂ ਨੂੰ ਹੱਲ ਕਰਨ ਲਈ ਅਨੇਕਾਂ ਮੀਟਿੰਗਾਂ ਮੁੱਖ ਇੰਜੀਨੀਅਰ ਦੇ ਦਫ਼ਤਰ ਵਿਖੇ ਹੋਈਆਂ | ਮੀਟਿੰਗ ਵਿਚ ਮੁੱਖ ਇੰਜੀਨੀਅਰ ਵਲੋਂ ਥੱਲੇ ਦਫ਼ਤਰਾਂ ਵਿਚ ਪੱਤਰ ਜਾਰੀ ਕਰ ਦਿੱਤਾ ਜਾਂਦਾ ਸੀ, ਪਰ ਉਸ ਨੂੰ ਕੋਈ ਲਾਗੂ ਨਹੀਂ ਕੀਤਾ ਜਾਂਦਾ ਸੀ | ਪਿਛਲੇ ਲੰਮੇ ਸਮੇਂ ਤੋਂ ਕਾਮਿਆਂ ਦੀ ਤਨਖ਼ਾਹ ਵਿਚ ਕਥਿਤ ਘਪਲੇ ਪਾਏ ਗਏ | ਕੁਝ ਸਾਥੀਆਂ ਦੀਆਂ ਤਨਖ਼ਾਹਾਂ ਨੂੰ ਪਿਛਲੇ 8 ਮਹੀਨੇ ਤੋਂ ਰੋਕਿਆ ਗਿਆ ਹੈ | ਇਸ ਤੋਂ ਇਲਾਵਾ 22 ਮਹੀਨੇ ਦਾ ਘੱਟੋਂ-ਘੱਟ ਉਜ਼ਰਤ ਰੇਟਾਂ ਦਾ ਬਕਾਇਆ ਦਾ ਵੀ ਕੋਈ ਹੱਲ ਨਹੀਂ ਕੀਤਾ ਗਿਆ | ਹਾਦਸਾ ਪੀੜ੍ਹਤ ਪਰਿਵਾਰਾਂ ਨੂੰ ਕੰਪਨੀ ਵਲੋਂ ਕੋਈ ਮੁਆਵਜ਼ਾ ਰਾਸ਼ੀ ਨਹੀਂ ਦਿੱਤੀ ਗਈ ਅਤੇ ਨਾ ਹੀ ਕਾਮਿਆਂ ਕੋਲ ਕੰਮ ਕਰਨ ਲਈ ਕੋਈ ਸੇਫ਼ਟੀ ਕਿੱਟਾਂ ਆਦਿ ਹਨ | ਹੁਣ 30 ਜੂਨ ਤੋਂ ਪੁਰਾਣੀਆਂ ਕੰਪਨੀਆਂ ਆਪਣਾ ਕੰਮ ਛੱਡ ਰਹੀਆਂ ਹਨ, ਪਰ ਕਾਮਿਆਂ ਦਾ ਬਕਾਇਆ ਏਰੀਅਲ ਅਜੇ ਤੱਕ ਨਹੀਂ ਦਿੱਤਾ ਗਿਆ | ਇਨ੍ਹਾਂ ਸਾਰੀਆ ਮੰਗਾਂ ਦਾ ਹੱਲ ਕਰਵਾਉਣ ਲਈ ਮੁੱਖ ਇੰਜੀਨੀਅਰ ਜ਼ੋਨ ਬਠਿੰਡਾ ਦੇ ਦਫ਼ਤਰ ਅੱਗੇ 26 ਜੂਨ ਨੂੰ ਪਰਿਵਾਰਾਂ ਅਤੇ ਬੱਚਿਆ ਸਮੇਤ ਹਾਦਸਾ ਪੀੜ੍ਹਤ ਪਰਿਵਾਰ ਨੂੰ ਨਾਲ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ |