ਮਲੋਟ, 20 ਜੂਨ (ਪਾਟਿਲ)-ਸਿਟੀ ਵਿਕਾਸ ਮੰਚ ਮਲੋਟ ਦੀ ਮੀਟਿੰਗ ਕਨਵੀਨਰ ਡਾ. ਸੁਖਦੇਵ ਸਿੰਘ ਗਿੱਲ ਸਮਾਜ ਸੇਵਕ ਦੀ ਪ੍ਰਧਾਨਗੀ ਹੇਠ ਝਾਂਬ ਗੈਸਟ ਹਾਊਸ ਮਲੋਟ ਵਿਖੇ ਹੋਈ | ਮੀਟਿੰਗ ਦੌਰਾਨ ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਸੜਕ ਨਵੀਂ ਬਣਨ, ਰੇਲਵੇ ਅੰਡਰਬਿ੍ਜ ਦਾ ਕੰਮ ਸ਼ੁਰੂ ਹੋਣ ਅਤੇ ਵਾਟਰ ਵਰਕਸ ਟੈਂਕ ਦੀ ਸਫ਼ਾਈ ਹੋਣ 'ਤੇ ਹਲਕਾ ਵਿਧਾਇਕਾ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਅਤੇ ਨਗਰ ਕੌਂਸਲ ਦੇ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਦਾ ਧੰਨਵਾਦ ਕੀਤਾ ਗਿਆ | ਡਾ. ਗਿੱਲ ਨੇ ਕਿਹਾ ਕਿ ਲੋਕ ਹਿੱਤ ਮਲੋਟ ਵਿਚ ਪਸ਼ੂਆਂ ਲਈ ਹੱਡਾ ਰੋੜੀ ਬਣਾਉਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਮਲੋਟ ਦੇ ਸੁੰਦਰੀਕਰਨ ਦੀ ਮੰਗ ਡਾ. ਬਲਜੀਤ ਕੌਰ ਤੋਂ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਜਦੋਂ ਕੋਈ ਪਸ਼ੂ ਮਰ ਜਾਂਦਾ ਹੈ, ਤਾਂ ਸ਼ਹਿਰ ਵਾਸੀਆਂ ਲਈ ਬਹੁਤ ਵੱਡੀ ਮੁਸ਼ਕਿਲ ਖੜ੍ਹੀ ਹੋ ਜਾਂਦੀ ਹੈ ਕਿਉਂਕਿ ਮਰੇ ਪਸ਼ੂਆਂ ਲਈ ਹੱਡਾ ਰੋੜੀ ਨਹੀਂ ਹੈ | ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਮਲੋਟ ਤੋਂ ਦਾਨੇਵਾਲਾ ਚੌਂਕ ਜੀ.ਟੀ. ਰੋਡ ਤੱਕ ਲੋਹੇ ਦੀਆਂ ਗਰਿੱਲਾਂ ਕਾਫ਼ੀ ਥਾਂ ਤੋਂ ਟੁੱਟੀਆਂ ਪਈਆਂ ਹਨ, ਜਿਸ ਕਰਕੇ ਕਿਸੇ ਵੇਲੇ ਵੀ ਦੁਰਘਟਨਾ ਵਾਪਰ ਸਕਦੀ ਹੈ | ਡਾ. ਗਿੱਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਗੋਦ ਲਿਆ ਹੋਇਆ ਹੈ, ਜਿਸ ਦੇ ਸੁੰਦਰੀਕਰਨ ਦਾ ਕੰਮ ਹੋਣ ਵਾਲਾ ਹੈ | ਸਿਟੀ ਵਿਕਾਸ ਮੰਚ ਮਲੋਟ ਵਲੋਂ ਉਕਤ ਲੋਕ ਹਿੱਤ ਮੰਗਾਂ ਜਲਦੀ ਪੂਰਾ ਕਰਨ ਲਈ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ | ਇਸ ਮੌਕੇ ਸਰੂਪ ਸਿੰਘ, ਮਾਸਟਰ ਹਿੰਮਤ ਸਿੰਘ, ਅਵਤਾਰ ਸਿੰਘ ਬਰਾੜ, ਡਾ. ਸੁਖਦੇਵ ਸਿੰਘ ਗਿੱਲ, ਰਕੇਸ਼ ਕੁਮਾਰ ਜੈਨ, ਦੇਸ ਰਾਜ ਸਿੰਘ, ਦੇਵ ਰਾਜ ਗਰਗ, ਹਰਦਿਆਲ ਸਿੰਘ, ਨਾਜਰ ਸਿੰਘ ਨਾਮਧਾਰੀ ਤੇ ਮੈਂਬਰ ਮੌਜੂਦ ਸਨ |