ਗਿੱਦੜਬਾਹਾ, 20 ਜੂਨ (ਸ਼ਿਵਰਾਜ ਸਿੰਘ ਬਰਾੜ)-ਭਾਜਪਾ ਵਲੋਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਸੰਬੰਧੀ ਅਗਾਊਾ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ | ਆਗੂਆਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਸੰਬੰਧੀ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਬੀਤੇ ਦੋ ਸਾਲਾਂ ਦੇ ਵੱਧ ਸਮੇਂ ਤੋਂ ਪੰਜਾਬ ਭਰ ਵਿਚ ਭਾਜਪਾ ਦੁਆਰਾ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਅੰਦਰ ਆਪਣੀਆਂ ਇਕਾਈਆਂ ਗਠਿਤ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ | ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਅਗਾਊਾ ਤਿਆਰੀ ਸੰਬੰਧੀ ਭਾਜਪਾ ਆਗੂਆਂ ਵਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਜਨ ਸੰਪਰਕ ਮੁਹਿੰਮ ਵਿੱਢੀ ਹੋਈ ਹੈ | ਭਾਜਪਾ ਆਗੂ ਤੇ ਮਾਰਕੀਟ ਕਮੇਟੀ ਗਿੱਦੜਬਾਹਾ ਦੇ ਸਾਬਕਾ ਚੇਅਰਮੈਨ ਐਡਵੋਕੇਟ ਪਿ੍ਤਪਾਲ ਸ਼ਰਮਾ ਵਲੋਂ ਪਿੰਡਾਂ ਤੇ ਸ਼ਹਿਰ ਗਿੱਦੜਬਾਹਾ ਵਿਖੇ ਆਮ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿਚ ਉਨ੍ਹਾਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕੀਤੇ ਗਏ ਕੰਮਾਂ ਦੇ ਵੇਰਵੇ ਸਹਿਤ ਛਪਾਏ ਗਏ ਇਸ਼ਤਿਹਾਰ ਵੰਡੇ ਜਾ ਰਹੇ ਹਨ | ਐਡਵੋਕੇਟ ਪਿ੍ਤਪਾਲ ਸ਼ਰਮਾ ਨੇ ਗਿੱਦੜਬਾਹਾ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਇਤਿਹਾਸਕ ਕਾਰਜ ਕੀਤੇ ਗਏ ਹਨ ਅਤੇ ਦੇਸ਼ ਤਰੱਕੀ ਦੀਆਂ ਲੀਹਾਂ 'ਤੇ ਚੱਲ ਰਿਹਾ ਹੈ, ਜਿਸ ਨਾਲ ਵਿਦੇਸ਼ਾਂ ਵਿਚ ਦੇਸ਼ ਦਾ ਨਾਂਅ ਉੱਚਾ ਹੋਇਆ ਹੈ | ਉਨ੍ਹਾਂ ਕਿਹਾ ਕਿ ਗੁਆਂਢੀ ਰਾਜ ਹਰਿਆਣਾ ਵਿਚ ਭਾਜਪਾ ਨੇ ਦੂਜੀ ਵਾਰ ਸੱਤਾ ਸੰਭਾਲੀ ਹੈ ਅਤੇ ਅੱਜ ਹਰਿਆਣਾ ਪੰਜਾਬ ਨਾਲੋਂ ਕਈ ਗੁਣਾਂ ਅੱਗੇ ਤਰੱਕੀ ਕਰ ਰਿਹਾ ਹੈ | ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਵਿਚ ਜੁਟ ਜਾਣਾ ਚਾਹੀਦਾ ਹੈ ਅਤੇ ਪੰਜਾਬ ਵਿਚ ਆਉਣ ਵਾਲੀ ਸਰਕਾਰ ਭਾਜਪਾ ਦੀ ਹੀ ਬਣੇਗੀ | ਇਸ ਮੌਕੇ ਉਨ੍ਹਾਂ ਸਥਾਨਕ ਕਮੇਟੀਆ ਦਾ ਗਠਨ ਕਰਕੇ ਘਰ-ਘਰ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਲ ਲਈ ਜ਼ਿੰਮੇਵਾਰੀਆਂ ਸੌਂਪੀਆਂ | ਇਸ ਮੌਕੇ ਬੌਬੀ ਸਿੰਗਲਾ, ਰਾਜਿੰਦਰ ਕੁਮਾਰ, ਹਰਦੀਪ ਸਿੰਘ ਦੇਦ, ਸੇਠੀ, ਸਤੀਸ਼ ਕੁਮਾਰ, ਲੱਕੀ ਅਗਰਵਾਲ ਆਦਿ ਸੀਨੀਅਰ ਆਗੂ ਹਾਜ਼ਰ ਸਨ |