ਕੋਟਕਪੂਰਾ, 21 ਸਤੰਬਰ (ਮੋਹਰ ਸਿੰਘ ਗਿੱਲ)-ਪਿੰਡ ਢਿੱਲਵਾਂ ਕਲਾਂ ਵਿਖੇ ਸੜਕ 'ਤੇ ਅਚਾਨਕ ਬੇਸਹਾਰਾ ਪਸ਼ੂ ਦੇ ਆ ਜਾਣ ਕਾਰਨ ਮੋਟਰਸਾਈਕਲ ਸਵਾਰ ਸੁਖਵੰਤ ਸਿੰਘ (60) ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਢਿੱਲਵਾਂ ਕਲਾਂ ਦੀ ਦੁਖਦਾਇਕ ਮੌਤ ਹੋ ਗਈ | ਉਹ ਪੀ.ਡਬਲਿਯੂ.ਡੀ ਫ਼ੀਲਡ ਐਂਡ ਵਰਕਸ਼ਾਪ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤੇਜਵੰਤ ਸਿੰਘ ਢਿੱਲਵਾਂ ਦੇ ਵੱਡੇ ਭਰਾ ਸਨ | ਮਿ੍ਤਕ ਦੇ ਦੋਵੇਂ ਲੜਕੇ ਅਜੇ ਕੁੁਆਰੇ ਹਨ | ਸੁਖਵੰਤ ਸਿੰਘ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਕਨਵੀਨਰ ਵੀਰਇੰਦਰ ਜੀਤ ਸਿੰਘ ਪੁਰੀ ਨੇ ਕਿਹਾ ਕਿ ਬੇਸਹਾਰਾ ਪਸ਼ੂਆਂ ਕਾਰਨ ਆਏ ਦਿਨ ਕੀਮਤੀ ਜਾਨਾਂ ਜਾ ਰਹੀਆਂ ਹਨ ਜਦੋਂ ਕਿ ਪੰਜਾਬ ਸਰਕਾਰ ਵਲੋਂ ਗਊ ਸੈੱਸ ਦੇ ਨਾਮ 'ਤੇ ਲੋਕਾਂ ਕੋਲੋਂ ਕਰੋੜਾਂ ਰੁਪਏ ਵਸੂਲੇ ਜਾ ਰਹੇ ਹਨ | ਫਿਰ ਵੀ ਪ੍ਰਸ਼ਾਸਨ ਵਲੋਂ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਸਾਂਭਣ ਦਾ ਕੋਈ ਠੋਸ ਪ੍ਰਬੰਧ ਨਹੀਂ ਕੀਤਾ ਜਾ ਰਿਹਾ | ਜਥੇਬੰਦੀ ਨੇ ਮਿ੍ਤਕ ਦੇ ਵਾਰਸਾਂ ਨੂੰ ਘੱਟੋ-ਘੱਟ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ | ਗੁਰਤੇਜ ਸਿੰਘ ਹਰੀਨੌਂ, ਬਲਕਾਰ ਸਿੰਘ ਔਲਖ, ਹਰਜਿੰਦਰ ਸਿੰਘ ਕਾਕਾ, ਸੁਖਮੰਦਰ ਸਿੰਘ ਢਿੱਲਵਾਂ, ਜਤਿੰਦਰ ਕੁਮਾਰ, ਸਿਮਰਜੀਤ ਸਿੰਘ ਬਰਾੜ, ਗੁਰਤੇਜ ਸਿੰਘ ਖਹਿਰਾ, ਸੂਰਤ ਸਿੰਘ ਮਾਹਲਾ, ਅਜੀਤ ਸਿੰਘ ਖ਼ਾਲਸਾ ਸਮੇਤ ਨਗਰ ਦੇ ਪਤਵੰਤੇ ਵਿਅਕਤੀਆਂ ਨੇ ਸੁਖਵੰਤ ਸਿੰਘ ਦੀ ਮੌਤ ਨੂੰ ਪਰਿਵਾਰ ਲਈ ਵੱਡਾ ਘਾਟਾ ਦੱਸਿਆ ਹੈ |