ਸਾਦਿਕ, 21 ਸਤੰਬਰ (ਗੁਰਭੇਜ ਸਿੰਘ ਚੌਹਾਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪੱਈਆਂਵਾਲਾ ਦੀ ਅਗਵਾਈ ਵਿਚ ਹੋਈ ਜਿਸ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮੱਗਰੀ ਪਹੁੰਚਾਉਣ ਤੋਂ ਇਲਾਵਾ ਜ਼ਮੀਨਾਂ ਪੱਧਰੀਆਂ ਕਰਕੇ ਫ਼ਸਲਾਂ ਦੀ ਬਿਜਾਈ ਲਈ ਖਾਦ ਅਤੇ ਬੀਜਾਂ ਦਾ ਪ੍ਰਬੰਧ ਕਰਨ ਦਾ ਫ਼ੈਸਲਾ ਲਿਆ ਗਿਆ | ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪੱਈਆਂਵਾਲਾ ਨੇ ਕਿਹਾ ਕਿ ਸਰਕਾਰਾਂ 'ਤੇ ਬੀ ਬੀ ਐਮ ਬੀ ਦੀ ਗਲਤੀ ਨਾਲ ਆਏ ਇਨ੍ਹਾਂ ਹੜ੍ਹਾਂ ਕਾਰਨ ਲੱਖਾਂ ਏਕੜ ਫ਼ਸਲ, ਅਣਗਿਣਤ ਪਸ਼ੂ ਧਨ, 50 ਤੋਂ ਵੱਧ ਅਣਮੁੱਲੀਆਂ ਮਨੁੱਖੀ ਜਾਨਾਂ ਚਲੀਆਂ ਗਈਆਂ ਹਨ ਅਤੇ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਦਾ ਇਨ੍ਹਾਂ ਹੜ੍ਹਾਂ ਕਾਰਨ ਆਰਥਿਕ ਤੌਰ 'ਤੇ ਲੱਕ ਟੁੱਟ ਗਿਆ ਹੈ | ਉਨ੍ਹਾਂ ਪੀੜਤ ਪਰਿਵਾਰਾਂ ਨਾਲ ਇਸ ਮੁਸ਼ਕਿਲ ਦੀ ਘੜੀ ਵਿਚ ਖੜਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਕੈਂਪ ਲਗਾ ਕੇ ਜ਼ਰੂਰਤਮੰਦ ਲੋਕਾਂ ਤੱਕ ਸਮਾਨ ਪਹੁੰਚਦਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਵਿਚ ਜ਼ਮੀਨਾਂ ਪੱਧਰ ਕਰਕੇ ਫ਼ਸਲਾਂ ਦੀ ਬਿਜਾਈ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਕਣਕ ਦੇ ਬੀਜ, ਖਾਦ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ | ਕਿਸਾਨ ਆਗੂ ਇੰਦਰਜੀਤ ਸਿੰਘ ਘਣੀਆਂ ਨੇ ਕਿਹਾ ਕਿ ਸਰਕਾਰਾਂ ਵਲੋਂ ਸੁਪਰੀਮ ਕੋਰਟ ਅਤੇ ਗ੍ਰੀਨ ਟਿ੍ਬਿਊਨਲ ਦੇ ਕਿਸਾਨਾਂ ਨੂੰ ਪਰਾਲੀ ਨੂੰ ਖੇਤ ਵਿਚ ਹੀ ਮਰਜ ਕਰਨ ਲਈ ਵਿੱਤੀ ਸਹਾਇਤਾ ਤੇ ਫ਼ਰੀ ਵਿਚ ਮਸ਼ੀਨਰੀ ਮੁਹੱਈਆ ਕਰਵਾਉਣ ਦੇ ਦਿੱਤੇ ਹੁਕਮਾਂ ਦੀ ਉਲੰਘਣਾ ਕਰਕੇ ਕਿਸਾਨਾਂ ਉੱਪਰ ਸੈਟੇਲਾਈਟ ਦੇ ਰਾਹੀਂ 5 ਮਿੰਟ ਵਿਚ ਹੀ ਪਰਾਲੀ ਸਾੜਨ ਦਾ ਜੁਰਮਾਨਾ ਅਤੇ ਪਰਚਾ ਤਾਂ ਦਰਜ ਕਰ ਦਿੱਤਾ ਜਾਂਦਾ ਹੈ ਪਰ ਉਨ੍ਹਾਂ ਨੂੰ ਸੈਟੇਲਾਈਟਾਂ ਰਾਹੀਂ ਨਾ ਤਾਂ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਹੋਈ ਕਣਕ ਦੀ ਫ਼ਸਲ ਨੂੰ ਲੱਗੀ ਅੱਗ ਦਿਖਾਈ ਦਿੰਦੀ ਹੈ ਅਤੇ ਨਾ ਹੀ ਹੁਣ ਸੈਟੇਲਾਈਟ ਨੂੰ ਸਰਕਾਰ ਅਤੇ ਬੀਬੀ ਐਮ ਬੀ ਦੀ ਗ਼ਲਤੀ ਨਾਲ ਆਏ ਹੜ੍ਹਾਂ ਨਾਲ ਬਰਬਾਦ ਹੋਇਆ ਝੋਨਾਂ, ਹੜ੍ਹਾਂ ਦੇ ਪਾਣੀ ਵਿਚ ਰੁੜ੍ਹਕੇ ਜਾਂਦੀਆਂ ਲਾਸ਼ਾਂ, ਡੁੱਬ ਕੇ ਮਰਦੇ ਪਸ਼ੂ, ਹੜ੍ਹਾਂ ਦੇ ਪਾਣੀ ਨਾਲ ਡਿੱਗਦੇ ਮਕਾਨ ਅਤੇ ਨਾ ਹੀ ਘਰਾਂ ਦੀਆਂ ਛੱਤਾਂ ਉੱਪਰ ਭੁੱਖਣ ਭਾਣੇ ਬੈਠੇ ਲੋਕ ਦਿਖਾਈ ਦਿੱਤੇ | ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਸਰਕਾਰੀ ਸੈਟੇਲਾਈਟ ਸਿਰਫ ਸਰਕਾਰਾਂ ਦੇ ਇਸ਼ਾਰੇ 'ਤੇ ਹੀ ਚੱਲਦੇ ਹਨ | ਇਸ ਮੀਟਿੰਗ ਵਿਚ ਗੁਰਦਿੱਤਾ ਸਿੰਘ ਜ਼ਿਲ੍ਹਾ ਵਿੱਤ ਸਕੱਤਰ, ਤੇਜਾ ਸਿੰਘ ਪੱਕਾ ਬਲਾਕ ਪ੍ਰਧਾਨ ਫ਼ਰੀਦਕੋਟ, ਜਿੰਦਰ ਸਿੰਘ ਬਲਾਕ ਪ੍ਰਧਾਨ ਸਾਦਿਕ, ਸੁਖਚਰਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ, ਬਲਜਿੰਦਰ ਸਿੰਘ ਬਾੜਾ ਭਾਈਕਾ ਬਲਾਕ ਪ੍ਰਧਾਨ ਬਾਜਾਖਾਨਾ, ਸ਼ਿੰਦਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ, ਨੈਬ ਸਿੰਘ ਬਲਾਕ ਪ੍ਰਧਾਨ ਸਾਦਿਕ, ਬਲਾਕ ਕੋਟਕਪੂਰਾ ਤੋਂ ਕਮੇਟੀ ਮੈਂਬਰ ਨਿਰਮਲ ਸਿੰਘ ਢਿੱਲਵਾਂ, ਕਮੇਟੀ ਮੈਂਬਰ ਸੁਖਜੀਵਨ ਸਿੰਘ ਢਿੱਲਵਾਂ, ਯੂਥ ਆਗੂ ਜਤਿੰਦਰਜੀਤ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ |