ਫ਼ਰੀਦਕੋਟ, 21 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਜਲ ਸਪਲਾਈ ਵਿਭਾਗ ਵਲੋਂ ਸਵੱਛਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ | ਇਸ ਦੀ ਰਸਮੀ ਸ਼ੁਰੂਆਤ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਪੋਸਟਰ ਰਿਲੀਜ ਕਰਕੇ ਕੀਤੀ | ਉਨ੍ਹਾਂ ਵਿਭਾਗ ਦੇ ਪੋਸਟਰ ਅਤੇ ਬੈਨਰ ਰਿਲੀਜ਼ ਕਰਦਿਆਂ ਸਭ ਨੂੰ ਅਪੀਲ ਕੀਤੀ ਕਿ ਆਪੋ-ਆਪਣੇ ਪਿੰਡਾਂ-ਸ਼ਹਿਰਾਂ ਨੂੰ ਸੁੰਦਰ ਬਣਾਉਣ ਲਈ ਸੁਹਿਦਰਤਾ ਨਾਲ ਯਤਨ ਕਰਨੇ ਚਾਹੀਦੇ ਹਨ | ਇਸ ਪੰਦਰਵਾੜੇ ਦੌਰਾਨ ਪਿੰਡਾਂ 'ਚ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਨਿਰੰਤਰ ਗਤੀਵਿਧੀਆਂ ਕੀਤੀਆਂ ਜਾਣਗੀਆਂ | ਸਕੂਲਾਂ ਅੰਦਰ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਸਕੂਲ ਵਿਦਿਆਰਥੀ ਰੈਲੀਆਂ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕਰਨਗੇ | ਸਵੱਛਤਾ ਪ੍ਰਤੀ ਜਾਣਕਾਰੀ ਉਪਰੰਤ ਸਭ ਨੂੰ ਸਹੁੰ ਚੁੱਕਵਾਈ ਜਾਵੇਗੀ | ਪਿੰਡਾਂ ਅੰਦਰ ਪਲਾਸਟਿਕ ਇਕੱਠਾ ਕੀਤਾ ਜਾਵੇਗਾ, ਛੱਪੜਾਂ ਦੀ ਸਫ਼ਾਈ ਕੀਤੀ ਜਾਵੇਗੀ | ਲੰਬੇ ਸਮੇਂ ਤੋਂ ਪਿੰਡਾਂ 'ਚ ਬਣੇ ਕੂੜੇ ਦੇ ਢੇਰ, ਪੁਰਾਣੀਆਂ ਰੂੜੀਆਂ ਸਾਫ਼ ਕੀਤੀਆਂ ਜਾਣਗੀਆਂ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਰਭਿੰਦਰ ਸਿੰਘ ਗਰੇਵਾਲ, ਐਸ.ਡੀ.ਓ. ਜਸਕਰਨ ਸਿੰਘ, ਜੇ.ਈ. ਇੰਜ.ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |