02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਮਲੋਟ-ਸ਼ੇਖੂ ਸੜਕ ਦੀ ਖਸਤਾ ਹਾਲਤ ਰਾਹਗੀਰਾਂ ਲਈ ਬਣੀ ਜੀਅ ਦਾ ਜੰਜਾਲ

ਜੀ ਟੀ ਬੀ ਖ਼ਾਲਸਾ ਸਕੂਲ ਦੇ ਗੇਟ ਮੂਹਰੇ ਲੰਘਦੀ ਕਾਰ ਧੂੜ ਮਿੱਟੀ ਉਡਾਉਂਦੀ ਹੋਈ | ਤਸਵੀਰ : ਪਾਟਿਲ <br/> 22-09-2025
ਮਲੋਟ, 21 ਸਤੰਬਰ (ਪਾਟਿਲ)-ਮਲੋਟ ਵਾਸੀਆਂ ਲਈ ਮੌਜੂਦਾ ਸਰਕਾਰ ਦੁਆਰਾ ਗਰਾਂਟਾ ਦੇ ਗੱਫੇ ਦਿੱਤੇ ਜਾਣ ਦੇ ਦਾਅਵੇ ਬਾਖੂਬੀ ਕੀਤੇ ਜਾ ਰਹੇ ਹਨ, ਪਰ ਸ਼ਹਿਰ 'ਚ ਹਾਲੇ ਵੀ ਅਜਿਹੇ ਕਈ ਕੰਮ ਅਧੂਰੇ ਪਏ ਹਨ, ਜਿਸ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ | ਇਸ ਸੜ੍ਹਕ ਦੇ ਨਿਰਮਾਣ ਲਈ ਟੈਂਡਰ ਆਦਿ ਹੋਣ ਦੀ ਵੀ ਚਰਚਾ ਹੈ, ਪਰ ਇਸ ਨੂੰ ਸ਼ੁਰੂ ਕਰਨ ਲਈ ਵੀ ਲੰਮੇ ਸਮੇਂ ਦੀ ਗੱਲ ਕੀਤੀ ਜਾ ਰਹੀ ਹੈ | ਵਰਨਣਯੋਗ ਹੈ ਕਿ ਬੀਤੇ ਕਈ ਮਹੀਨਿਆਂ ਤੋਂ ਮਲੋਟ-ਸ਼ੇਖੂ ਸੜਕ ਦਾ ਨਿਰਮਾਣ ਨਾ ਹੋਣ ਕਾਰਨ ਮਲੋਟ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੜਕ ਦੇ ਨਿਰਮਾਣ ਨੂੰ ਲੈ ਕੇ ਇਲਾਕੇ ਦੇ ਲੋਕ ਕਈ ਵਾਰ ਸਰਕਾਰ ਤੇ ਪ੍ਰਸ਼ਾਸਨ ਨੂੰ ਗੁਹਾਰ ਲਾ ਚੁੱਕੇ ਹਨ, ਪਰ ਸਮੱਸਿਆ ਜਿਉਂ ਦੀ ਤਿਉਂ ਮੂੰਹ ਚਿੜਾ ਰਹੀ ਹੈ | ਵਹੀਕਲ ਲੰਘਦੇ ਸਮੇਂ ਸਾਰਾ ਦਿਨ ਉੱਡਦੀ ਧੂੜ ਮਿੱਟੀ ਸਕੂਲਾਂ ਨੂੰ ਆਉਣ ਜਾਣ ਵਾਲੇ ਬੱਚਿਆਂ, ਬਜ਼ੁਰਗਾਂ, ਔਰਤਾਂ, ਸੜਕ ਦੇ ਆਸ-ਪਾਸ ਬਣੇ ਘਰ ਤੇ ਦੁਕਾਨਾਂ ਵਾਲੇ ਲੋਕਾਂ ਲਈ ਇਹ ਸੜਕ ਜੀਅ ਦਾ ਜੰਜਾਲ ਬਣੀ ਹੋਈ ਹੈ | ਜਿਸ ਕਾਰਨ ਲੋਕ ਖਾਂਸੀ ਦਮਾ ਦੇ ਮਰੀਜ਼ ਬਣ ਸਕਦੇ ਹਨ ਅਤੇ ਜਿਹੜੇ ਪਹਿਲਾਂ ਹੀ ਅਜਿਹੇ ਰੋਗਾਂ ਤੋਂ ਗ੍ਰਸਤ ਹਨ ਉਨ੍ਹਾਂ ਨੂੰ ਕਾਫ਼ੀ ਦਿੱਕਤ ਆ ਰਹੀ ਹੈ | ਸਕੂਲ ਸਮੇਂ ਤਾਂ ਇਸ ਸੜ੍ਹਕ 'ਤੇ ਸਕੂਲ ਵੈਨਾਂ ਲੰਘਣ ਕਾਰਨ ਅਤੇ ਹੋਰ ਦੋ ਪਹੀਆ ਤੇ ਚਾਰ ਪਹੀਆ ਵਾਹਨ ਲੰਘਣ ਸਮੇਂ ਬਹੁਤ ਮਿੱਟੀ ਉਡਾਉਂਦੇ ਹਨ, ਜਿਸ ਨਾਲ ਸਕੂਲੀ ਬੱਚਿਆਂ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ ਅਤੇ ਹਾਦਸੇ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ | ਇਥੇ ਸਥਾਨਕ ਪ੍ਰਸ਼ਾਸਨ ਦੁਆਰਾ ਪਾਣੀ ਦਾ ਛਿੜਕਾਅ ਆਦਿ ਵੀ ਨਹੀਂ ਕੀਤਾ ਜਾਂਦਾ ਜਦਕਿ ਵਰਖਾ ਸਮੇਂ ਚਿੱਕੜ ਕਾਰਨ ਸੜ੍ਹਕ ਦੀ ਹਾਲਤ ਹੋਰ ਵੀ ਖਸਤਾ ਹੋ ਜਾਂਦੀ ਹੈ | ਜ਼ਿਕਰਯੋਗ ਹੈ ਕਿ ਮਲੋਟ ਸ਼ੇਖੂ ਰੋਡ 'ਤੇ ਕਿ੍ਸ਼ਨਾ ਮੰਦਰ ਤੋਂ ਲੈ ਕੇ ਗਰੀਨ ਵੈਲੀ, ਰੋਇਲ ਗਰੀਨ, ਮਾਡਲ ਟਾਊਨ ਆਦਿ ਕਲੋਨੀਆਂ ਤੱਕ ਸੀਵਰੇਜ ਪਾਈਪਾਂ ਪਾਉਣ ਦਾ ਕੰਮ ਬੀਤੇ ਕੁਝ ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਜਿਸ ਕਾਰਨ ਸੜਕ ਪੁੱਟੀ ਗਈ ਸੀ | ਪਰ ਸੜਕ ਬਣਾਉਣ ਦਾ ਕੰਮ ਹਾਲੇ ਸ਼ੁਰੂ ਨਹੀਂ ਕੀਤਾ ਗਿਆ | ਜਿਸ ਕਾਰਨ ਇਸ ਸੜਕ ਰਾਹੀਂ ਲੰਘਣ ਵਾਲੇ ਵਾਟਰ ਵਰਕਸ ਰੋਡ, ਸਰਾਭਾ ਨਗਰ, ਟੀਚਰ ਕਾਲੋਨੀ, ਦਸਮੇਸ਼ ਕਾਲੋਨੀ, ਪਿੰਕ ਸਿਟੀ, ਰੋਇਲ ਗਰੀਨ, ਗਰੀਨ ਵੈਲੀ, ਅਲਫਾ ਕਾਲੋਨੀ, ਮਾਡਲ ਟਾਊਨ ਅਤੇ ਬਠਿੰਡਾ ਰੋਡ ਤਰਫ਼ ਜਾਣ ਵਾਲੇ ਵਹੀਕਲਾਂ ਲਈ ਇਹ ਸੜਕ ਵੱਡੀ ਸਮੱਸਿਆ ਬਣ ਗਈ ਹੈ | ਇਸ ਸੜਕ ਉੱਤੇ ਖੜ੍ਹੇ ਪਸ਼ੂਆਂ ਅਤੇ ਵੱਡੇ ਵੱਡੇ ਟੋਇਆ ਕਾਰਨ ਦੁਰਘਟਨਾ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਦੋ ਪਹੀਆ ਵਾਹਨ ਵਾਲੇ ਕਈ ਵਾਰ ਦੁਰਘਟਨਾ ਦਾ ਸ਼ਿਕਾਰ ਹੋ ਚੁੱਕੇ ਹਨ | ਸਥਿਤ ਦੁਕਾਨਦਾਰਾਂ ਦੇ ਕੰਮ ਕਾਜ ਵੀ ਬਿਲਕੁਲ ਠੱਪ ਹੋ ਗਏ ਹਨ ਅਤੇ ਸਾਰਾ ਦਿਨ ਧੂੜ ਮਿੱਟੀ ਫੱਕਣੀ ਪੈਂਦੀ ਹੈ | ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਵੱਡੀ ਤੇ ਗੰਭੀਰ ਸਮੱਸਿਆ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ |
ਪਿਛਲੀ ਖ਼ਬਰ ਪਿੰਡ ਬੀੜ ਸਰਕਾਰ ਦੇ ਚਰਚਿਤ ਝਗੜੇ ਦੇ ਰਾਜ਼ੀਨਾਮੇ ਲਈ ਮੁਹਤਬਰ ਵਿਅਕਤੀਆਂ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਐਨ.ਸੀ.ਸੀ. ਦੀ ਕੈਡਿਟਸ ਦੀ ਚੋਣ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।