06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮੈਨੂੰ ਸਾਜਿਸ਼ ਦਾ ਸ਼ਿਕਾਰ ਬਣਾਇਆ ਗਿਆ, ਉੱਚ ਪੱਧਰੀ ਹੋਵੇ ਜਾਂਚ: ਗੁਰਪ੍ਰੀਤ ਸਿੰਘ

ਅਜੀਤ ਡੈਸਕ 24-09-2025
ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਹੇ ਗੁਰਪ੍ਰੀਤ ਸਿੰਘ ਜੋ ਕਿ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਡੀਪੂ ਵਿਖੇ ਕੰਟਰੈਕਟ ਬੇਸ 'ਤੇ ਬਤੌਰ ਕੰਡਕਟਰ ਡਿਊਟੀ ਨਿਭਾਅ ਰਿਹਾ ਸੀ, ਉਸ ਨੂੰ ਪਿਛਲੇ ਦਿਨੀਂ ਪੰਜਾਬ ਰੋਡਵੇਜ਼ ਦੀ ਵਿਭਾਗੀ ਜਾਂਚ ਤੋਂ ਬਾਅਦ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ ਹੈ | ਇਸ ਮਗਰੋਂ ਉਨ੍ਹਾਂ ਆਪਣਾ ਪੱਖ ਰੱਖਣ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿਚ ਗੁਰਪ੍ਰੀਤ ਸਿੰਘ ਤੋਂ ਇਲਾਵਾ ਯੂਨੀਅਨ ਦੇ ਹੋਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ | ਗੁਰਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੂੰ ਘਰੇਲੂ ਕੰਮ ਵਾਸਤੇ 1 ਫਰਵਰੀ 2023 ਨੂੰ ਪੈਸਿਆਂ ਦੀ ਜ਼ਰੂਰਤ ਸੀ | ਉਸ ਕੋਲ ਬੈਂਕ ਦਾ ਕ੍ਰੈਡਿਟ ਕਾਰਡ ਸੀ, ਉਸ ਨੇ ਆਪਣਾ ਕ੍ਰੈਡਿਟ ਕਾਰਡ ਇਕ ਨਿੱਜੀ ਟਰਾਂਸਪੋਰਟ ਕੰਪਨੀ ਦੇ ਦਫ਼ਤਰ ਭੇਜਿਆ ਕਿ ਉਹ ਸਵੈਪ ਰਾਹੀਂ ਬੱਸਾਂ 'ਚ ਤੇਲ ਪਵਾਉਣ ਮਗਰੋਂ ਉਨ੍ਹਾਂ ਤੋਂ ਪੈਸੇ ਲੈ ਲਵਾਂਗਾ | ਕੰਪਨੀ ਵਲੋਂ ਸ਼ਹਿਰ ਦੇ ਇਕ ਤੇਲ ਪੰਪ ਤੋਂ ਤੇਲ ਪਾਉਣ ਮਗਰੋਂ ਸ਼ਾਮ ਨੂੰ ਦਫ਼ਤਰ ਵਿਖੇ ਮੈਨੂੰ 43 ਹਜ਼ਾਰ ਰੁਪਏ ਦੇ ਦਿੱਤੇ ਗਏ, ਜੋ ਮੈਂ ਚੰਗੀ ਤਰ੍ਹਾਂ ਗਿਣ ਕੇ ਲਏ | ਉਨ੍ਹਾਂ ਕਿਹਾ ਕਿ ਸੰਨ 2024 ਵਿਚ ਬੱਸਾਂ ਦੇ ਟਾਈਮ ਟੇਬਲ ਬਣ ਰਹੇ ਸਨ, ਤਾਂ ਮੇਰੀ ਯੂਨੀਅਨ ਵਲੋਂ ਡਿਊਟੀ ਲਗਾਈ ਗਈ ਕਿ ਤੁਸੀਂ ਪੰਜਾਬ ਰੋਡਵੇਜ਼ ਦੇ ਹੱਕ ਵਿਚ ਪਹਿਰਾ ਦਿਓ ਅਤੇ ਸਹੀ ਟਾਈਮ ਟੇਬਲ ਬਣਾਇਆ ਜਾਵੇ | ਜਿਸ ਮਗਰੋਂ ਪ੍ਰਾਈਵੇਟ ਬੱਸ ਕੰਪਨੀਆਂ ਦੇ ਸੰਚਾਲਕਾਂ ਅਤੇ ਮੇਰੇ ਵਿਚ ਤਲਖਕਲਾਮੀ ਵੀ ਹੋਈ, ਜਿਸ ਦੀ ਰੰਜਿਸ਼ ਦੇ ਚਲਦਿਆਂ ਸੰਨ 2023 ਦੀ ਬਣਾਈ ਗਈ ਵੀਡੀਓ 15 ਜਨਵਰੀ 2025 ਨੂੰ ਮੇਰੇ ਖਿਲਾਫ਼ ਵਰਤ ਲਈ ਗਈ ਕਿ 45 ਹਜ਼ਾਰ ਰੁਪਏ ਗੁਰਪ੍ਰੀਤ ਸਿੰਘ ਨੇ ਰਿਸ਼ਵਤ ਦੇ ਲਏ ਹਨ | ਮੇਰੀ ਵਿਜੀਲੈਂਸ, ਸਰਕਾਰ ਅਤੇ ਵਿਭਾਗ ਨੂੰ ਇਸ ਕੰਪਨੀ ਦੇ ਮਾਲਕ ਵਲੋਂ ਸ਼ਿਕਾਇਤ ਕਰ ਦਿੱਤੀ ਗਈ | ਵਿਭਾਗੀ ਜਾਂਚ ਲਈ ਸ੍ਰੀ ਮੁਕਤਸਰ ਸਾਹਿਬ ਡੀਪੂ ਦੀ ਸੈਕਸ਼ਨ ਅਫਸਰ ਨੂੰ ਜਾਂਚ ਅਫ਼ਸਰ ਲਗਾਇਆ ਗਿਆ | ਇਹ ਜਾਂਚ 12 ਅਗਸਤ ਨੂੰ ਸ਼ੁਰੂ ਹੋਈ, ਮੇਰੀ ਮੰਗ ਕਰਨ 'ਤੇ ਮੈਨੂੰ ਸ਼ਿਕਾਇਤ ਦੀ ਕਾਪੀ ਤਾਂ ਦੇ ਦਿੱਤੀ ਗਈ, ਪਰ ਅਸਲੀ ਵੀਡੀਓ ਨਹੀਂ ਦਿੱਤੀ, ਜਿਸ ਦਾ ਸਮਾਂ ਅਤੇ ਮਿਤੀ ਮੈਂ ਚੈੱਕ ਕਰ ਸਕਦਾ ਤੇ ਆਪਣਾ ਪੱਖ ਠੀਕ ਢੰਗ ਨਾਲ ਰੱਖ ਸਕਦਾ ਕਿਉਂਕਿ ਪੁਰਾਣੀ ਵੀਡੀਓ ਦੇ ਅਧਾਰਿਤ ਮੇਰੇ ਆਪਣੇ ਪੈਸਿਆਂ ਨੂੰ ਹੀ ਰਿਸ਼ਵਤ ਦਾ ਰੂਪ ਦੇ ਕੇ ਮੈਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ ਕਿਉਂਕਿ ਮੈਂ ਹਮੇਸ਼ਾ ਪੰਜਾਬ ਰੋਡਵੇਜ਼ ਹਿੱਤਾਂ ਲਈ ਲੜਿਆ ਹਾਂ |
ਉਨ੍ਹਾਂ ਕਿਹਾ ਕਿ ਮੈਨੂੰ ਡਿਊਟੀ ਤੋਂ ਫ਼ਾਰਗ ਕਰ ਦਿੱਤਾ ਗਿਆ ਅਤੇ ਮੇਰੀ ਨੌਕਰੀ ਹੀ ਮੇਰੇ ਪਰਿਵਾਰ ਦਾ ਸਹਾਰਾ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਾਈਵੇਟ ਬੱਸ ਕੰਪਨੀਆਂ ਮੇਰੇ 'ਤੇ ਖਾਰ ਖਾਂਦੀਆਂ ਸਨ, ਕਿਉਂਕਿ ਮੈਂ ਹਮੇਸ਼ਾ ਆਪਣੇ ਅਦਾਰੇ ਲਈ ਡੱਟ ਕੇ ਕੰਮ ਕਰਦਾ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਮੈਨੂੰ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਗਿਆ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਇਸ ਮਾਮਲੇ ਵਿਚ ਕਿਸੇ ਸੇਵਾ ਮੁਕਤ ਜੱਜ ਤੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਇੱਥੋਂ ਤੱਕ ਕਿ ਮੇਰੇ ਖ਼ਿਲਾਫ਼ ਸੀ.ਬੀ.ਆਈ. ਤੋਂ ਵੀ ਜਾਂਚ ਕਰਵਾਈ ਜਾ ਸਕਦੀ ਹੈ | ਮੈਨੂੰ ਇਸ ਮਾਮਲੇ ਵਿਚ ਇਨਸਾਫ ਦਿਵਾਇਆ ਜਾਵੇ | ਦੂਜੇ ਪਾਸੇ ਜਦੋਂ ਇਸ ਸਬੰਧੀ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਡੀਪੂ ਦੇ ਜਨਰਲ ਮੈਨੇਜਰ ਜਸਵਿੰਦਰ ਸਿੰਘ ਚਾਹਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਪਿਛਲੇ ਮਹੀਨੇ ਹੀ ਸ੍ਰੀ ਮੁਕਤਸਰ ਸਾਹਿਬ ਡੀਪੂ ਵਿਖੇ ਤਬਦੀਲ ਹੋ ਕੇ ਆਏ ਹਨ, ਇਹ ਸ਼ਿਕਾਇਤ ਮੇਰੇ ਤੋਂ ਪਹਿਲਾਂ ਦੀ ਹੈ ਅਤੇ ਪੰਜਾਬ ਸਰਕਾਰ ਨੂੰ ਸ਼ਿਕਾਇਤ ਮਿਲਣ ਮਗਰੋਂ ਟਰਾਂਸਪੋਰਟ ਡਾਇਰੈਕਟਰ ਦਫ਼ਤਰ ਤੋਂ ਜਾਂਚ ਲਈ ਡੀਪੂ ਵਿਚ ਆਈ ਸੀ | ਇਸ ਦੀ ਜਾਂਚ ਸੈਕਸ਼ਨ ਅਫਸਰ ਤੋਂ ਕਰਵਾਈ ਗਈ ਅਤੇ ਉਨ੍ਹਾਂ ਜਾਂਚ ਮੁਕੰਮਲ ਕਰਕੇ ਰਿਪੋਰਟ ਮੈਨੂੰ ਸੌਂਪ ਦਿੱਤੀ ਅਤੇ ਮੈਂ ਸੀਲਬੰਦ ਲਿਫ਼ਾਫ਼ਾ ਡਾਇਰੈਕਟਰ ਦਫ਼ਤਰ ਭੇਜ ਦਿੱਤਾ ਅਤੇ ਗੁਰਪ੍ਰੀਤ ਸਿੰਘ ਨੂੰ ਡਿਊਟੀ ਤੋਂ ਫ਼ਾਰਗ ਕਰਨ ਦਾ ਫੈਸਲਾ ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਵਲੋਂ ਜਾਂਚ ਰਿਪੋਰਟ ਪਹੁੰਚਣ 'ਤੇ ਲਿਆ ਗਿਆ ਹੈ | ਇਸ ਮੌਕੇ ਯੂਨੀਅਨ ਦੇ ਡੀਪੂ ਪ੍ਰਧਾਨ ਜਗਸੀਰ ਸਿੰਘ ਮਾਣਕ ਅਤੇ ਪੰਜਾਬ ਰੋਡਵੇਜ਼ ਪਨਬੱਸ ਸਟੇਟ ਵਰਕਰਜ਼ ਯੂਨੀਅਨ ਦੇ ਡੀਪੂ ਪ੍ਰਧਾਨ ਚਰਨਜੀਤ ਸਿੰਘ ਚੰਨਾ ਨੇ ਕਿਹਾ ਕਿ ਕੰਡਕਟਰ ਗੁਰਪ੍ਰੀਤ ਸਿੰਘ ਨਾਲ ਬਹੁਤ ਬੇਇਨਸਾਫੀ ਹੋਈ, ਜੇਕਰ ਇਸ ਨੂੰ ਇਨਸਾਫ ਨਾ ਮਿਲਿਆ ਤਾਂ ਦੋਵੇਂ ਯੂਨੀਅਨ ਸੱਚ ਦਾ ਸਾਥ ਦਿੰਦੀਆਂ ਹੋਈਆਂ ਗੁਰਪ੍ਰੀਤ ਸਿੰਘ ਦੇ ਹੱਕ ਵਿਚ ਕੋਈ ਵੀ ਸੰਘਰਸ਼ ਦਾ ਫੈਸਲਾ ਲੈ ਸਕਦੀਆਂ ਹਨ | ਇਸ ਮੌਕੇ ਮਨਜੀਤ ਸਿੰਘ, ਜਤਿੰਦਰ ਸਿੰਘ, ਗੁਰਵਿੰਦਰ ਸਿੰਘ, ਸੁਰਿੰਦਰ ਪਾਲ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਚਰਨਜੀਤ ਸਿੰਘ, ਗੁਰਬਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਜ਼ੂਰ ਸਾਹਿਬ ਨਾਂਦੇੜ ਤੇ ਵੈਸ਼ਨੂੰ ਦੇਵੀ ਵਿਖੇ ਮੁਫ਼ਤ ਟਰੇਨ ਯਾਤਰਾ ਚਲਾਉਣ ਲਈ ਮੰਗ ਪੱਤਰ ਦਿੱਤਾ ਅਗਲੀ ਖ਼ਬਰ ਮਹਾਰਾਜਾ ਅਗਰਸੇਨ ਜੈਅੰਤੀ 'ਤੇ ਅਗਰਵਾਲ ਸਭਾ ਵਲੋਂ 75 ਯੂਨਿਟ ਖ਼ੂਨਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।