20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

—ਮਾਮਲਾ ਦੁਕਾਨਦਾਰ ਨੂੰ ਨਾਜਾਇਜ਼ ਚੁੱਕ ਕੇ ਕੁੱਟਮਾਰ ਕਰਨ ਦਾ—<br> ਦੁਕਾਨਦਾਰਾਂ ਨੇ ਰਾਤ ਸਮੇਂ ਪੁਲਿਸ ਚੌਕੀ ਦੋਦਾ ਅੱਗੇ ਸੜਕ ਜਾਮ ਕਰਕੇ ਦਿੱਤਾ ਰੋਸ ਧਰਨਾ

ਅਜੀਤ ਡੈਸਕ 24-10-2025
ਦੋਦਾ, 23 ਅਕਤੂਬਰ (ਰਵੀਪਾਲ)-ਬੀਤੀ ਰਾਤ ਪੁਲਿਸ ਚੌਕੀ ਦੋਦਾ ਦੇ ਏ.ਐੱਸ.ਆਈ. ਦਲਵੀਰ ਸਿੰਘ ਵਲੋਂ ਪਿੰਡ ਦੋਦਾ ਦੇ ਦੁਕਾਨਦਾਰ ਨੂੰ ਨਾਜਾਇਜ਼ ਹਿਰਾਸਤ 'ਚ ਲੈ ਕੇ ਕੁੱਟਮਾਰ ਨੂੰ ਲੈ ਕੇ ਸਮੂਹ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਦੋਦਾ ਚੌਕੀ ਅੱਗੇ ਪੁਲਿਸ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ | ਧਰਨਾ ਲਗਾ ਕੇ ਰਾਤ 2 ਵਜੇ ਤੱਕ ਸੜਕ ਜਾਮ ਰੱਖੀ ਗਈ | ਇਸ ਮੌਕੇ ਸੰਬੋਧਨ ਕਰਦੇ ਹੋਏ ਜਗਦੀਸ਼ ਕਟਾਰੀਆ ਨੇ ਕਿਹਾ ਕਿ ਰਜਿੰਦਰ ਕੁਮਾਰ ਉਰਫ਼ ਗਗਨਾ ਦੋਦਾ ਬੱਸ ਅੱਡੇ 'ਤੇ ਦੁਕਾਨ ਕਰਦਾ ਹੈ | ਰਾਤ ਸਮੇਂ ਦੁਕਾਨ ਬੰਦ ਕਰਨ ਤੋਂ ਪਹਿਲਾਂ ਕਾਗ਼ਜ਼ਾਂ ਨੂੰ ਅੱਗ ਲਗਾ ਰਿਹਾ ਸੀ ਤਾਂ ਪੁਲਿਸ ਚੌਕੀ ਦੋਦਾ ਦੇ ਏ.ਐੱਸ.ਆਈ. ਦਲਵੀਰ ਸਿੰਘ ਨੇ ਕਾਰ 'ਤੇ ਪਟਾਕਾ ਚਲਾਉਣ ਨੂੰ ਲੈ ਕੇ ਰਜਿੰਦਰ ਕੁਮਾਰ ਨੂੰ ਪੁਲਿਸ ਚੌਕੀ ਲੈ ਗਏ ਅਤੇ ਕੁੱਟਮਾਰ ਕੀਤੀ ਹੈ, ਜੋ ਕਿ ਅਤਿ ਨਿੰਦਨਯੋਗ ਕਾਰਵਾਈ ਹੈ | ਇਸ ਉਪਰੰਤ ਪਹੁੰਚੇ ਕਾਂਗਰਸ ਪਾਰਟੀ ਦੇ ਆਗੂ ਨਰਿੰਦਰ ਸਿੰਘ ਕਾਉਣੀ ਚੇਅਰਮੈਨ ਤੇ ਸਾਬਕਾ ਸਰਪੰਚ ਪਾਲ ਸਿੰਘ ਬਰਾੜ ਨੇ ਵੀ ਪੁਲਿਸ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ ਅਤੇ ਪਿਛਲੇ ਦਿਨਾਂ 'ਚ ਪੁਲਿਸ 'ਤੇ ਕਈ ਦੋਸ਼ ਲਗਾਏ | ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਰਜਿੰਦਰ ਕੁਮਾਰ ਇਕ ਨੇਕ, ਨਸ਼ਾ ਰਹਿਤ ਨੌਜਵਾਨ ਹੈ, ਜਿਸ ਦੀ ਕੋਈ ਗ਼ਲਤੀ ਨਹੀਂ ਸੀ, ਜਿਸ ਲਈ ਉਹ ਇਨਸਾਫ਼ ਮੰਗਦੇ ਹਨ | ਉਨ੍ਹਾਂ ਰਜਿੰਦਰ ਕੁਮਾਰ ਦੀ ਹਾਲਤ ਨੂੰ ਦੇਖਦੇ ਹੋਏ ਸਰਕਾਰੀ ਹਸਪਤਾਲ ਭਰਤੀ ਕਰਵਾਇਆ | ਇਸ ਮੌਕੇ ਡੀ.ਐੱਸ.ਪੀ. ਅਤੇ ਗਿੱਦੜਬਾਹਾ ਦੇ ਐੱਸ.ਐੱਚ.ਓ. ਸਮੇਤ ਪੁਲਿਸ ਪਾਰਟੀ ਧਰਨਾ ਸਥਾਨ 'ਤੇ ਪਹੁੰਚੇ ਅਤੇ ਉਨ੍ਹਾਂ ਦੋਸ਼ਾਂ ਨੂੰ ਨਕਾਰਦੇ ਹੋਏ ਦੁਕਾਨਦਾਰਾਂ ਤੇ ਪੰਚਾਇਤ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਪੂਰਾ ਇਨਸਾਫ਼ ਦਿੱਤਾ ਜਾਵੇਗਾ | ਦੁਕਾਨਦਾਰਾਂ ਨੇ ਰਜਿੰਦਰ ਕੁਮਾਰ ਨੂੰ ਹਸਪਤਾਲ ਭਰਤੀ ਕਰਵਾਉਣ ਉਪਰੰਤ ਕਾਰਵਾਈ ਦੀ ਮੰਗ ਕਰਦੇ ਹੋਏ ਧਰਨਾ ਇਕ ਵਾਰ ਚੁੱਕ ਲਿਆ | ਇਸ ਸੰਬੰਧੀ ਡੀ.ਐੱਸ.ਪੀ. ਅਰੁਣ ਮੁੰਡਲ ਨੇ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ ਕਿ ਸੱਟਾਂ ਕਦੋਂ ਤੇ ਕਿਵੇਂ ਲੱਗੀਆਂ ਹਨ | ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੇ ਗ਼ਲਤੀ ਦੀ ਮੁਆਫ਼ੀ ਨੂੰ ਲੈ ਕੇ ਧਰਨਾ ਚੁੱਕ ਲਿਆ ਸੀ ਅਤੇ ਹੁਣ ਇਸ ਮਾਮਲੇ ਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਮੌਕੇ ਸਮੂਹ ਦੁਕਾਨਦਾਰ, ਪੰਚਾਇਤ ਮੈਂਬਰ ਅਤੇ ਆਦਿ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਘਰ 'ਚ ਚਾਂਦੀ ਦੇ ਗਹਿਣੇ ਚੋਰੀ ਅਗਲੀ ਖ਼ਬਰ ਕੇਂਦਰੀ ਜੇਲ੍ਹ ਦੇ ਕੈਦੀ ਪਾਸੋਂ ਨਸ਼ੀਲਾ ਪਦਾਰਥ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।