ਕੋਟਕਪੂਰਾ, 23 ਅਕਤੂਬਰ (ਮੇਘਰਾਜ)-ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਵਲੋਂ ਸ਼ਹੀਦ ਗੁਰਪ੍ਰੀਤ ਸਿੰਘ ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਢਿੱਲਵਾਂ ਕਲਾਂ ਵਿਖੇ ਡਾ. ਪ੍ਰਭਦੇਵ ਸਿੰਘ ਬਰਾੜ (ਅੱਖਾਂ ਦੇ ਮਾਹਿਰ) ਦੇ ਸਤਿਕਾਰਤ ਪਿਤਾ ਤੇ ਸਕੂਲ ਦੇ ਪਹਿਲੇ ਮੁੱਖ ਅਧਿਆਪਕ ਜਗਦੇਵ ਸਿੰਘ ਬਰਾੜ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਡਾ. ਪ੍ਰਭਦੇਵ ਸਿੰਘ ਬਰਾੜ ਨੇ ਕਿਹਾ ਕਿ ਸਮਾਜਿਕ ਤਬਦੀਲੀ ਦੀ ਸ਼ੁਰੂਆਤ ਸਾਨੂੰ ਸਾਰਿਆਂ ਨੂੰ ਸਮਾਜ 'ਚ ਦਿਨੋ-ਦਿਨ ਪੈਦਾ ਹੋ ਰਹੀਆਂ ਕਈ ਕੁਰੀਤੀਆਂ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ | ਸਮਾਗਮ ਦੀ ਸ਼ੁਰੂਆਤ ਮੌਕੇ ਸਕੂਲ ਦੇ ਮੁੱਖ ਅਧਿਆਪਕ ਬਲਵਿੰਦਰ ਸਿੰਘ ਸਿੱਧੂ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਅਤੇ ਸਕੂਲ ਦੀਆਂ ਵਿੱਦਿਅਕ ਅਤੇ ਖੇਡਾਂ ਦੇ ਖੇਤਰ 'ਚ ਵਿਲੱਖਣ ਪ੍ਰਾਪਤੀਆਂ ਸਾਂਝੀਆਂ ਕੀਤੀਆਂ | ਡਾ. ਪ੍ਰਭਦੇਵ ਸਿੰਘ ਬਰਾੜ ਨੇ 6ਵੀਂ ਤੋਂ 10ਵੀਂ ਜਮਾਤ ਤੱਕ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਉਨ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ 10ਵੀਂ ਜਮਾਤ ਦੀ ਪ੍ਰੀਖਿਆ 'ਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਨਵਦੀਪ ਕੌਰ ਪੁੱਤਰੀ ਬਿੰਦਰ ਸਿੰਘ ਨੂੰ 15000 ਰੁਪਏ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਅੰਮਿ੍ਤਪਾਲ ਕੌਰ ਪੁੱਤਰੀ ਸ਼ਿੰਦਰਪਾਲ ਸਿੰਘ ਨੂੰ 13000 ਰੁਪਏ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਨਵਦੀਪ ਕੌਰ ਪੁੱਤਰੀ ਨਿਰਮਲ ਸਿੰਘ ਨੂੰ 11000 ਰੁਪਏ ਦੀ ਨਕਦ ਰਾਸ਼ੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਟੇਜ ਸੰਚਾਲਨ ਗੁਰਸ਼ਰਨ ਸਿੰਘ ਸਾਇੰਸ ਮਾਸਟਰ ਨੇ ਕੀਤਾ | ਇਸ ਮੌਕੇ ਪੰਜਾਬੀ ਅਧਿਆਪਕ ਰੁਪਿੰਦਰ ਸਿੰਘ, ਸਮੂਹ ਅਧਿਆਪਕ, ਵਿਦਿਆਰਥੀ, ਸੁਸਾਇਟੀ ਦੇ ਅਹੁਦੇਦਾਰ ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨੀ, ਗੁਰਿੰਦਰ ਸਿੰਘ ਮਹਿੰਦੀਰੱਤਾ, ਸੋਮਨਾਥ ਅਰੋੜਾ, ਦਰਸ਼ਨ ਸਿੰਘ ਫੌਜੀ, ਇਕਬਾਲ ਸਿੰਘ ਮੰਘੇੜਾ ਸਮੇਤ ਹੋਰ ਵੀ ਪਤਵੰਤੇ ਵਿਅਕਤੀ ਹਾਜ਼ਰ ਸਨ |