ਕੋਟਕਪੂਰਾ, 23 ਅਕਤੂਬਰ (ਮੋਹਰ ਸਿੰਘ ਗਿੱਲ)-ਮਾਰਕੀਟ ਕਮੇਟੀ ਕੋਟਕਪੂਰਾ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਮਰਹੂਮ ਦਿਲਬਾਗ ਸਿੰਘ ਬਰਾੜ ਦੇ ਭਤੀਜੇ ਅਤੇ ਸਵ. ਸਾਬਕਾ ਸਰਪੰਚ ਭੁਪਿੰਦਰ ਸਿੰਘ ਵਿੱਕੀ ਬਰਾੜ ਦੇ ਛੋਟੇ ਭਰਾ ਅਮਰਿੰਦਰ ਸਿੰਘ ਬਨੀ ਬਰਾੜ ਨੇ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਲੋਕਾਂ ਨਾਲ ਕੀਤੇ ਹੋਏ ਸਾਰੇ ਵਾਅਦੇ ਪੂਰੇ ਕਰਨ 'ਚ ਅਸਫ਼ਲ ਸਿੱਧ ਹੋਈ ਹੈ | ਸਰਕਾਰ ਦੀ ਕਾਰਗੁਜ਼ਾਰੀ ਤੋਂ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਅਸੰਤੁਸ਼ਟ ਜਾਪ ਰਹੇ ਹਨ ਅਤੇ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੀ ਸਰਕਾਰ ਮੁੜ ਲਿਆਉਣਾ ਚਾਹੁੰਦੇ ਹਨ | ਬਰਾੜ ਨੇ ਕਿਹਾ ਕਿ ਉਨ੍ਹਾਂ ਆਪਣਾ ਸਿਆਸੀ ਸਫ਼ਰ ਆਪਣੇ ਜੱਦੀ ਪਿੰਡ ਪੰਜਗਰਾਈਾ ਕਲਾਂ ਤੋਂ ਹੀ ਸ਼ੁਰੂ ਕੀਤਾ ਹੈ ਅਤੇ ਕਾਂਗਰਸ ਪਾਰਟੀ ਲਈ ਉਹ ਇਮਾਨਦਾਰੀ, ਮਿਹਨਤ ਅਤੇ ਸ਼ਿੱਦਤ ਨਾਲ ਕੰਮ ਕਰਕੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਘਰ-ਘਰ ਤੱਕ ਲਿਜਾਣਗੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬੜੀਆਂ ਉਮੀਦਾਂ ਲਗਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਫ਼ਤਵਾ ਦਿੱਤਾ ਸੀ, ਪਰ ਅੱਜ ਸਾਢੇ ਤਿੰਨ ਸਾਲਾਂ ਤੋਂ ਵੱੱਧ ਸਮਾਂ ਬੀਤ ਜਾਣ 'ਤੇ ਵੀ ਲੋਕਾਂ ਦੀਆਂ ਉਮੀਦਾਂ ਧਰੀਆਂ-ਧਰਾਈਆਂ ਰਹਿ ਗਈਆਂ ਹਨ |