ਰਾਜਪੁਰਾ, 15 ਜੂਨ (ਜੀ.ਪੀ. ਸਿੰਘ)-ਅੱਜ ਪੰਜਾਬ ਦੇ 3 ਥਰਮਲ ਪਲਾਟਾਂ ਦੇ 4 ਯੂਨਿਟ ਤਕਨੀਕੀ ਖ਼ਰਾਬੀਆਂ ਕਾਰਨ ਬੰਦ ਹੋ ਗਏ ਹਨ, ਜਿਸ ਕਾਰਨ ਪੰਜਾਬ 'ਚ ਬਿਜਲੀ ਸੰਕਟ ਗਹਿਰਾਉਣ ਦੇ ਪੂਰੇ ਆਸਾਰ ਪੈਦਾ ਹੋ ਗਏ ਹਨ | ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦਾ ਯੂਨਿਟ ਨੰਬਰ 1, ਜੋ ਕਿ ਰੋਜ਼ਾਨਾ 660 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ, ਬੁਆਇਲਰ 'ਚੋਂ ਬਹੁਤ ਜ਼ਿਆਦਾ ਆਵਾਜ਼ਾਂ ਆਉਣ ਕਾਰਨ ਬੰਦ ਕਰ ਦਿੱਤਾ ਗਿਆ ਹੈ | ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਲਹਿਰਾ ਮੁਹੱਬਤ ਦਾ ਯੂਨਿਟ ਨੰਬਰ 2, ਜੋ ਕਿ ਰੋਜ਼ਾਨਾ 210 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ, ਬੁਆਇਲਰ 'ਚ ਲੀਕੇਜ਼ ਕਾਰਨ ਬੰਦ ਕਰਨਾ ਪਿਆ | ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਦਾ ਪਹਿਲਾਂ ਯੂਨਿਟ ਨੰਬਰ 2, ਜੋ ਕਿ 270 ਮੈਗਾਵਾਟ ਰੋਜ਼ਾਨਾ ਬਿਜਲੀ ਪੈਦਾ ਕਰਦਾ ਸੀ, ਦੇ ਬੁਆਇਲਰ 'ਚੋਂ ਜ਼ਿਆਦਾ ਆਵਾਜ਼ਾਂ ਆਉਣ ਕਾਰਨ ਬੰਦ ਸੀ | ਹੁਣ 270 ਮੈਗਾਵਾਟ ਬਿਜਲੀ ਪੈਦਾ ਕਰਨ ਵਾਲਾ ਯੂਨਿਟ ਨੰਬਰ 1 ਵੀ ਟਰਬਾਈਨ 'ਚ ਨੁਕਸ ਪੈਣ ਕਾਰਨ ਬੰਦ ਕਰਨਾ ਪਿਆ | ਇਨ੍ਹਾਂ 4 ਯੂਨਿਟਾਂ ਦੇ ਬੰਦ ਹੋਣ ਕਾਰਨ ਪੰਜਾਬ ਨੂੰ ਬਿਜਲੀ ਦਾ 1410 ਮੈਗਾਵਾਟ ਦਾ ਘਾਟਾ ਪੈ ਗਿਆ |