ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ)-ਸੂਬੇ 'ਚ ਦੇਰ ਰਾਤ ਤੋਂ ਸ਼ੁਰੂ ਹੋ ਕੇ ਸਵੇਰ ਤੱਕ ਵੱਖ-ਵੱਖ ਥਾਈਾ ਪਏ ਮੀਂਹ ਕਾਰਨ ਜਿੱਥੇ ਬਿਜਲੀ ਦੀ ਮੰਗ 'ਚ ਸਵੇਰ ਸਮੇਂ ਲਗਭਗ 4 ਹਜ਼ਾਰ ਮੈਗਾਵਾਟ ਦੀ ਕਮੀ ਨਾਲ 12889 ਮੈਗਾਵਾਟ ਦੇਖੀ ਗਈ ਉੱਥੇ ਹੀ ਦੁਪਹਿਰ ਵੇਲੇ ਇਹ ਮੰਗ ਫਿਰ ਤੋਂ ਵਧ ਕੇ 16410 ਮੈਗਾਵਾਟ 'ਤੇ ਪਹੁੰਚ ਗਈ | ਮੀਂਹ ਦੇ ਬਾਵਜੂਦ ਵੀ ਸੂਬੇ ਦੇ ਬਹੁਤੇ ਜ਼ਿਲਿ੍ਹਆਂ 'ਚ ਬਿਜਲੀ ਦੇ ਕੱਟ ਜਿਉਂ ਦੇ ਤਿਉਂ ਦੇਖੇ ਗਏ, ਜਿਸ ਨਾਲ ਜਿੱਥੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਖੇਤੀ ਟਿਊਬਵੈੱਲਾਂ ਨੂੰ ਮਿਲਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ | ਇਸ ਸਮੇਂ ਬਿਜਲੀ ਨਿਗਮ ਨੂੰ ਬਿਜਲੀ ਦੇਣ ਵਾਲੇ ਤਿੰਨ ਸਰਕਾਰੀ ਤੇ ਦੋ ਨਿੱਜੀ ਥਰਮਲ ਪਲਾਂਟਾਂ 'ਚੋਂ ਸਰਕਾਰੀ ਥਰਮਲ ਪਲਾਂਟਾਂ ਦੇ 10 ਯੂਨਿਟਾਂ 'ਚੋਂ 7 ਯੂਨਿਟਾਂ ਤੋਂ 1266 ਮੈਗਾਵਾਟ ਤੇ ਨਿੱਜੀ ਥਰਮਲ ਪਲਾਂਟਾਂ ਦੀਆਂ 5 ਯੂਨਿਟਾਂ 'ਚੋਂ 4 ਯੂਨਿਟਾਂ ਤੋਂ 2616 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ | ਇਸ ਸਮੇਂ ਸਰਕਾਰੀ ਥਰਮਲ ਪਲਾਂਟਾਂ ਦੇ 3 ਤੇ ਨਿੱਜੀ ਥਰਮਲ ਪਲਾਂਟਾਂ ਦੀ ਇਕ ਯੂਨਿਟ ਕਿਸੇ ਕਾਰਨ ਬਿਜਲੀ ਉਤਪਾਦਨ ਨਹੀਂ ਕਰ ਰਹੇ | ਕਹਿਰ ਦੀ ਗਰਮੀ ਕਾਰਨ ਵਧਦੇ ਤਾਪਮਾਨ ਨਾਲ ਜਿੱਥੇ ਸੂਬੇ 'ਚ ਬਿਜਲੀ ਦੀ ਮੰਗ 11 ਜੂਨ ਨੂੰ 16836 ਮੈਗਾਵਾਟ ਦਾ ਅੰਕੜਾ ਪਾਰ ਕਰ ਗਈ ਸੀ ਉੱਥੇ ਹੀ ਬਿਜਲੀ ਨਿਗਮ ਕੋਲ ਵੱਖ-ਵੱਖ ਸਰੋਤਾਂ ਤੋਂ ਕੇਵਲ 17000 ਮੈਗਾਵਾਟ ਬਿਜਲੀ ਦੀ ਪੂਰਤੀ ਹੀ ਹੋ ਰਹੀ ਹੈ | ਜੇਕਰ ਲੰਘੇ ਦੋ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੀ ਬਿਜਲੀ ਦੀ ਮੰਗ ਪਿਛਲੇ ਸਾਲ 1 ਹਜ਼ਾਰ ਮੈਗਾਵਾਟ ਘੱਟ ਸੀ ਜਦਕਿ 2023 ਦੀ 15 ਜੂਨ ਨੂੰ ਇਹ ਮੰਗ ਕੇਵਲ 9051 ਮੈਗਾਵਾਟ ਹੀ ਸੀ | ਕਈ ਕਿਸਾਨਾਂ ਵਲੋਂ ਹਾਲੇ ਵੀ 15 ਜੂਨ ਤੋਂ ਬਾਅਦ ਝੋਨਾ ਲਗਾਉਣ ਦੀ ਗੱਲ ਆਖੀ ਗਈ ਹੈ, ਪਰ ਦੂਜੇ ਪਾਸੇ ਮੌਸਮ ਵਿਭਾਗ ਦੀ ਮੰਨੀਏ ਤਾਂ ਮੌਨਸੂਨ 25 ਜੂਨ ਤੋਂ ਬਾਅਦ ਆਉਣ ਦੀ ਸੰਭਾਵਨਾ ਹੈ, ਜਿਸ ਕਾਰਨ ਬਹੁਤੇ ਕਿਸਾਨਾਂ ਵਲੋਂ ਹੁਣ ਟਿਊਬਵੈੱਲਾਂ ਨੂੰ ਮਿਲਦੀ ਬਿਜਲੀ ਸਪਲਾਈ ਤੋਂ ਹੀ ਝੋਨਾ ਲਗਾਉਣਾ ਪਵੇਗਾ, ਜਿਸ ਦਾ ਅਸਰ ਆਉਣ ਵਾਲੇ ਦਿਨਾਂ 'ਚ ਬਿਜਲੀ ਦੀ ਮੰਗ 'ਤੇ ਯਕੀਨਨ ਦਿਸੇਗਾ |