ਅੰਮਿ੍ਤਸਰ, 15 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਿਕ ਭਾਰਤ ਵਲੋਂ ਪਾਕਿ ਨੂੰ ਵਾਪਸ ਗ੍ਰੇ ਲਿਸਟ 'ਚ ਸੂਚੀਬੱਧ ਕਰਨ ਲਈ ਪੈਰਿਸ ਸਥਿਤ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ. ਏ. ਟੀ. ਐੱਫ.) 'ਤੇ ਦਬਾਅ ਬਣਾਇਆ ਜਾ ਰਿਹਾ ਹੈ | ਇਸ ਲਈ ਭਾਰਤੀ ਵਫ਼ਦ ਨੇ ਵਿੱਤੀ ਨਿਯਮਾਂ ਤੇ ਅੱਤਵਾਦ ਵਿਰੋਧੀ ਵਿੱਤ ਪੋਸ਼ਣ ਨਾਲ ਸੰਬੰਧਿਤ ਚਿੰਤਾਵਾਂ ਦਾ ਹਵਾਲਾ ਦਿੱਤਾ ਹੈ | ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਕੋਸ਼ਿਸ਼ਾਂ ਦੇ ਉਲਟ ਚੀਨ ਵਲੋਂ ਪਾਕਿ ਦੇ ਹੱਕ 'ਚ ਸਖ਼ਤ ਰੁਖ਼ ਅਪਣਾਉਂਦਿਆਂ ਲਗਾਤਾਰ ਰਾਹਤ ਦੀ ਵਕਾਲਤ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਤੁਰਕੀ ਤੇ ਜਾਪਾਨ ਵਲੋਂ ਵੀ ਪਾਕਿ ਨੂੰ ਆਪਣਾ ਸਮਰਥਨ ਦਿੱਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ | ਦੱਸਿਆ ਜਾ ਰਿਹਾ ਹੈ ਕਿ ਅਕਤੂਬਰ 2022 'ਚ ਗਲੋਬਲ ਮਨੀ ਲਾਂਡਰਿੰਗ ਤੇ ਅੱਤਵਾਦ ਵਿੱਤ ਪੋਸ਼ਣ ਨਿਗਰਾਨੀ ਸੰਸਥਾ ਵਿੱਤੀ ਐਕਸ਼ਨ ਟਾਸਕ ਫੋਰਸ ਨੇ ਪਾਕਿ ਨੂੰ ਨਿਗਰਾਨੀ ਅਧੀਨ ਦੇਸ਼ਾਂ ਦੀ ਸੂਚੀ (ਗ੍ਰੇ ਲਿਸਟ) 'ਚੋਂ ਹਟਾ ਦਿੱਤਾ ਸੀ | ਦੱਸਣਯੋਗ ਹੈ ਕਿ ਐੱਫ. ਏ. ਟੀ. ਐੱਫ. ਨੇ ਪਾਕਿ ਨੂੰ ਗ੍ਰੇ ਸੂਚੀ 'ਚੋਂ ਕੱਢਣ ਤੋਂ ਪਹਿਲਾਂ ਸਾਫ਼ ਤੌਰ 'ਤੇ ਕਿਹਾ ਸੀ ਕਿ ਪਾਕਿਸਤਾਨ ਨੂੰ ਸਾਰੇ ਸੂਚੀਬੱਧ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਕਰਨੀ ਹੋਵੇਗੀ ਤੇ ਉੱਥੋਂ ਦੀਆਂ ਅਦਾਲਤਾਂ ਨੂੰ ਅੱਤਵਾਦ 'ਚ ਸ਼ਾਮਿਲ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਹੋਵੇਗੀ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਕਿ ਅਜੇ ਤੱਕ ਚੀਨ, ਤੁਰਕੀ ਤੇ ਮਲੇਸ਼ੀਆ ਵਰਗੇ ਕਰੀਬੀ ਸਹਿਯੋਗੀਆਂ ਦੀ ਮਦਦ ਨਾਲ ਐੱਫ. ਏ. ਟੀ. ਐੱਫ. ਦੀ ਕਾਲੀ ਸੂਚੀ 'ਚ ਸ਼ਾਮਿਲ ਹੋਣ ਤੋਂ ਬਚਦਾ ਆ ਰਿਹਾ ਹੈ | ਹਾਲਾਂਕਿ, ਜੇਕਰ ਪਾਕਿ ਦੁਬਾਰਾ ਗ੍ਰੇ (ਸਲੇਟੀ) ਸੂਚੀ 'ਚ ਸ਼ਾਮਿਲ ਹੋ ਜਾਂਦਾ ਹੈ ਤਾਂ ਉਸ ਲਈ ਕੌਮਾਂਤਰੀ ਮੁਦਰਾ ਫ਼ੰਡ (ਆਈ. ਐੱਮ. ਐੱਫ.), ਵਿਸ਼ਵ ਬੈਂਕ, ਏਸ਼ਿਆਈ ਵਿਕਾਸ ਬੈਂਕ (ਏ. ਡੀ. ਬੀ.) ਤੇ ਯੂਰਪੀਅਨ ਯੂਨੀਅਨ ਤੋਂ ਫ਼ੰਡ ਪ੍ਰਾਪਤ ਕਰਨਾ ਮੁਸ਼ਕਿਲ ਹੋ ਜਾਵੇਗਾ |
ਭਾਰਤ ਨੇ ਸਾਨੂੰ ਮੁੜ ਗ੍ਰੇ ਲਿਸਟ 'ਚ ਪਾਉਣ ਲਈ ਠੋਸ ਦਬਾਅ ਪਾਇਆ-ਪਾਕਿ ਚੀਨ ਨੇ ਰਾਹਤ ਦੀ ਕੀਤੀ ਵਕਾਲਤ <br/>
ਅਜੀਤ ਡੈਸਕ
16-06-2025