ਜੋਗਾ (ਮਾਨਸਾ), 16 ਜੂਨ (ਹਰਜਿੰਦਰ ਸਿੰਘ ਚਹਿਲ)-ਕਸਬਾ ਜੋਗਾ 'ਚ ਸਾਦੀਆ ਖ਼ਾਨ (21) ਪੁੱਤਰੀ ਸ਼ਰੀਫ਼ ਮੁਹੰਮਦ ਵਾਸੀ ਕਿਸ਼ਨਪੁਰਾ (ਮੋਗਾ) ਦੀ ਖੂਹ 'ਚ ਡਿੱਗਣ ਨਾਲ ਮੌਤ ਹੋ ਗਈ | ਇਹ ਲੜਕੀ ਇੱਥੇ ਮਾਸੀ ਦੇ ਪਿੰਡ ਪਿਛਲੇ 3-4 ਦਿਨ ਤੋਂ ਗਰਮੀਆਂ ਦੀਆਂ ਛੁੱਟੀਆਂ ਕੱਟਣ ਆਈ ਹੋਈ ਸੀ | ਉਹ ਸਵੇਰੇ ਲਗਪਗ 9 ਵਜੇ ਘਰ ਵਿਚ ਹੀ ਬਣੇ ਪੁਰਾਣੇ ਖੂਹ ਵਿਚ ਡਿੱਗ ਗਈ | ਉਸ ਦੀ ਮਾਸੀ ਵਲੋਂ ਰੌਲਾ ਪਾਉਣ 'ਤੇ ਨੇੜੇ ਦੇ ਲੋਕ ਇਕੱਠ ਹੋ ਗਏ, ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਪ੍ਰੰਤੂ ਕੋਸ਼ਿਸ਼ ਨਾਕਾਮ ਹੋ ਗਈ | ਸੂਚਨਾ ਪੁਲਿਸ ਨੂੰ ਦੇਣ ਉਪਰੰਤ ਥਾਣਾ ਜੋਗਾ ਮੁਖੀ ਜਸਪ੍ਰੀਤ ਸਿੰਘ ਤੇ ਨਾਇਬ ਤਹਿਸੀਲਦਾਰ ਸੁਖਮਨਿੰਦਰ ਸਿੰਘ ਤੁੱਲੀ ਘਟਨਾ ਸਥਾਨ 'ਤੇ ਪਹੁੰਚੇ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਨ.ਡੀ.ਆਰ.ਐਫ. ਦੀਆਂ ਟੀਮਾਂ ਨੂੰ ਘਟਨਾ ਵਾਲੇ ਸਥਾਨ ਉੱਪਰ ਭੇਜਿਆ ਗਿਆ | ਐਨ.ਡੀ.ਆਰ.ਐਫ. ਦੀ ਟੀਮ ਦੇ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ 120 ਫੁੱਟ ਦੇ ਕਰੀਬ ਡੂੰਘੇ ਖੂਹ ਵਿਚ 20 ਫੁੱਟ ਪਾਣੀ ਅਤੇ ਥੱਲੇ ਗਾਰ ਹੋਣ ਕਾਰਨ ਸਾਦੀਆ ਨੂੰ ਕੱਢਣ ਵਿਚ ਮੁਸ਼ਕਿਲ ਆਈ ਪਰ ਭਾਰੀ ਮਸ਼ੱਕਤ ਤੋਂ ਬਾਅਦ ਬਾਹਰ ਕੱਢ ਲਿਆ ਗਿਆ, ਜਿਸ ਦੀ ਮੌਤ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਟੀਮਾਂ ਵਲੋਂ 4 ਘੰਟੇ ਬਚਾਓ ਅਪਰੇਸ਼ਨ ਤੋਂ ਬਾਅਦ ਲੜਕੀ ਦੀ ਮਿ੍ਤਕ ਦੇਹ ਬਾਹਰ ਕੱਢੀ ਗਈ | ਡੀ.ਐੱਸ.ਪੀ. ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜਤਾਇਆ
ਪਿੰਡਾਂ ਵਿਚ ਖੁੱਲੇ੍ਹ ਪਏ ਖੂਹਾਂ/ਬੋਰਵੈਲਾਂ ਨੰੂ ਬੰਦ ਨਾ ਕਰਨ 'ਤੇ ਲੋਕਾਂ ਵਲੋਂ ਰੋਸ ਜਤਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਸਿਆਸੀ ਆਗੂ ਵੱਡੇ-ਵੱਡੇ ਵਾਅਦੇ ਕਰਦੇ ਹਨ ਅਤੇ ਸਰਕਾਰ ਬਣਦਿਆਂ ਭੁੱਲ ਜਾਂਦੇ ਹਨ | ਪੀੜਤ ਪਰਿਵਾਰ ਦੇ ਗੁਰਲਾਲ ਸਿੰਘ ਨੇ ਦੱਸਿਆ ਕਿ ਜਦੋਂ ਵੀ ਨਗਰ ਪੰਚਾਇਤ ਜੋਗਾ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਉਹ ਆਪਣੇ ਖੇਤਰ ਦੇ ਕੌਂਸਲਰ ਨੂੰ ਇਸ ਖੂਹ ਨੂੰ ਬੰਦ ਕਰਨ ਦੀ ਮੰਗ ਕਰਦੇ ਹਨ ਪਰ ਉਨ੍ਹਾਂ ਦੇ ਗ਼ਰੀਬ ਹੋਣ ਕਾਰਨ ਕਦੇ ਵੀ ਇਸ ਮੰਗ ਦੇ ਵੱਲ ਗ਼ੌਰ ਨਹੀਂ ਕੀਤੀ ਗਈ | ਲੋਕਾਂ ਨੇ ਮੰਗ ਕੀਤੀ ਕਿ ਪਿੰਡਾਂ ਵਿਚ ਅਜਿਹੇ ਖੂਹ ਅਤੇ ਬੋਰਵੈਲ ਤੁਰੰਤ ਬੰਦ ਕੀਤੇ ਜਾਣ |
ਮਾਸੀ ਦੇ ਘਰ ਛੁੱਟੀਆਂ ਕੱਟਣ ਆਈ ਲੜਕੀ ਦੀ ਖੂਹ 'ਚ ਡਿੱਗਣ ਨਾਲ ਮੌਤ <br/>
ਅਜੀਤ ਡੈਸਕ
17-06-2025