ਮਾਨਸਾ, 16 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਜੀਵਨ 'ਤੇ ਆਧਾਰਿਤ ਡਾਕੂਮੈਂਟਰੀ 'ਦ ਕਿੱਿਲੰਗ ਕਾਲ' ਮਾਮਲੇ 'ਚ ਅਗਲੀ ਸੁਣਵਾਈ 23 ਜੂਨ ਨੂੰ ਹੋਵੇਗੀ | ਦੱਸਣਯੋਗ ਹੈ ਕਿ ਬੀ.ਬੀ.ਸੀ. ਚੈਨਲ ਵਲੋਂ 12 ਜੂਨ ਨੂੰ ਡੇਢ ਘੰਟੇ ਤੋਂ ਵੱਧ ਦਸਤਾਵੇਜ਼ੀ ਨੂੰ ਬੀਤੇ ਦਿਨੀਂ ਦੋ ਭਾਗਾਂ 'ਚ ਜਾਰੀ ਕਰ ਦਿੱਤਾ ਸੀ | ਅੱਜ ਬੀ.ਬੀ.ਸੀ. ਵਲੋਂ ਸੀਨੀਅਰ ਵਕੀਲ ਬਲਵੰਤ ਭਾਟੀਆ, ਇਸ਼ਲੀਨ ਕੌਰ ਤੇ ਅੰਕੁਰ ਜੈਨ ਵਲੋਂ ਐਡਵੋਕੇਟ ਗੁਰਦਾਸ ਸਿੰਘ ਮਾਨ ਨੇ ਅਦਾਲਤ ਵਿਚ ਪੇਸ਼ ਹੋ ਕੇ ਜਵਾਬ-ਦਾਅਵਾ ਦਾਖਲ ਕਰਨ ਦੀ ਬਜਾਏ ਸੀ.ਪੀ.ਸੀ. ਦੇ ਆਰਡਰ-7 ਰੂਲ 11 ਅਧੀਨ ਦਰਖਾਸਤ ਦਾਖਲ ਕਰਕੇ ਮੁੱਦਈ ਬਲਕੌਰ ਸਿੰਘ ਦੇ ਦਾਅਵੇ ਨੂੰ ਇਸ ਆਧਾਰ 'ਤੇ ਰੱਦ ਕਰਨ ਦੀ ਮੰਗ ਕੀਤੀ ਕਿ ਇਹ ਦਾਅਵਾ ਨਾ ਤਾਂ ਚੱਲਣਯੋਗ ਹੈ ਅਤੇ ਨਾ ਹੀ ਕਾਨੂੰਨ ਅਨੁਸਾਰ ਹੈ | ਵਕੇਸ਼ਨ ਜੱਜ ਸ੍ਰੀ ਅੰਕਿਤ ਐਰੀ ਨੇ ਦਰਖਾਸਤ ਨੂੰ ਰਿਕਾਰਡ 'ਚ ਲੈਂਦਿਆਂ ਮੁੱਦਈ ਧਿਰ ਨੂੰ ਆਦੇਸ਼ ਕੀਤਾ ਹੈ ਕਿ ਉਹ 23 ਜੂਨ ਨੂੰ ਦਰਖਾਸਤ ਦਾ ਜਵਾਬ ਦਾਖਲ ਕਰਨ | ਮੁੱਦਈ ਧਿਰ ਦੇ ਵਕੀਲ ਸਤਿੰਦਰਪਾਲ ਸਿੰਘ ਨੇ ਦਰਖਾਸਤ ਦੀ ਕਾਪੀ ਹਾਸਲ ਕਰਨ ਦੇ ਨਾਲ-ਨਾਲ ਅੰਤਿ੍ਮ ਸਟੇਅ ਜਾਰੀ ਕਰਨ ਉੱਪਰ ਜ਼ੋਰ ਦਿੱਤਾ ਜਦੋਂਕਿ ਵਿਰੋਧੀ ਧਿਰ ਦੇ ਵਕੀਲਾਂ ਨੇ ਅੰਤਿ੍ਮ ਸਟੇਅ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਅਦਾਲਤ ਨੇ ਅਜਿਹੀ ਕਿਸੇ ਸਟੇਅ ਤੋਂ ਇਨਕਾਰ ਕਰ ਦਿੱਤਾ | ਵਿਰੋਧੀ ਧਿਰ ਦੇ ਪੈਨਲ ਵਿਚ ਐਡਵੋਕੇਟ ਭੁਪਿੰਦਰ ਸਿੰਘ ਬੀਰਵਾਲ ਵੀ ਸ਼ਾਮਿਲ ਸਨ |
ਸਿੱਧੂ ਮੂਸੇਵਾਲਾ ਬਾਰੇ ਡਾਕੂਮੈਂਟਰੀ 'ਦ ਕਿੱਿਲੰਗ ਕਾਲ' ਮਾਮਲੇ ਸੰਬੰਧੀ ਸੁਣਵਾਈ 23 ਨੂੰ <br/>
ਅਜੀਤ ਡੈਸਕ
17-06-2025