ਅੰਮਿ੍ਤਸਰ, 16 ਜੂਨ (ਸੁਰਿੰਦਰ ਕੋਛੜ)-ਬਲੋਚ ਲਿਬਰੇਸ਼ਨ ਆਰਮੀ ਦੇ ਲੜਾਕਿਆਂ ਨੇ ਬਲੋਚਿਸਤਾਨ ਸੂਬੇ ਦੇ ਜ਼ਮੂਰਾਨ ਅਤੇ ਪੰਜਗੁਰ 'ਚ 5 ਵੱਖ-ਵੱਖ ਹਮਲਿਆਂ ਵਿਚ ਪਾਕਿਸਤਾਨੀ ਫ਼ੌਜ ਨੂੰ ਨਿਸ਼ਾਨਾ ਬਣਾਇਆ, ਜਿਸ 'ਚ 4 ਫ਼ੌਜੀ ਮਾਰੇ ਗਏ | ਇਨ੍ਹਾਂ ਹਮਲਿਆਂ 'ਚ ਫ਼ੌਜ ਦੇ ਜਾਸੂਸੀ ਕੈਮਰੇ ਨਸ਼ਟ ਹੋ ਗਏ | ਬਲੋਚ ਲਿਬਰੇਸ਼ਨ ਆਰਮੀ ਦੇ ਬੁਲਾਰੇ ਜੀਯੰਦ ਬਲੋਚ ਵਲੋਂ ਜਾਰੀ ਬਿਆਨ ਅਨੁਸਾਰ ਸਮੂਹ ਦੇ ਹਥਿਆਰਬੰਦ ਲੜਾਕਿਆਂ ਨੇ ਅੱਜ ਸਵੇਰੇ 8 ਵਜੇ ਦੇ ਕਰੀਬ ਜ਼ਮੂਰਾਨ ਦੇ ਦਸ਼ਤੋਕ ਬੰਬਲੋ ਖੇਤਰ 'ਚ ਪਾਕਿਸਤਾਨੀ ਫ਼ੌਜ ਦੇ ਕਰਮਚਾਰੀਆਂ ਨੂੰ ਰਿਮੋਟ-ਕੰਟਰੋਲ ਆਈ. ਈ. ਡੀ. ਹਮਲੇ 'ਚ ਨਿਸ਼ਾਨਾ ਬਣਾਇਆ ਜਦੋਂ ਉਹ ਬੰਬ ਨਿਰੋਧਕ ਟੀਮ ਨਾਲ ਰੂਟ ਕਲੀਅਰੈਂਸ ਕਾਰਜਾਂ 'ਚ ਰੁੱਝੇ ਹੋਏ ਸਨ | ਧਮਾਕੇ 'ਚ ਦੋ ਫ਼ੌਜੀ ਮੌਕੇ 'ਤੇ ਹੀ ਮਾਰੇ ਗਏ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ | ਇਸ ਦੌਰਾਨ ਜ਼ਮੂਰਾਨ ਦੇ ਜ਼ਮੂਰੀ ਖੇਤਰ 'ਚ ਵੀ ਬੀ. ਐੱਲ. ਏ. ਨੇ ਪਾਕਿਸਤਾਨੀ ਫ਼ੌਜ ਦੇ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਹੋਰ ਰਿਮੋਟ ਕੰਟਰੋਲ ਆਈ. ਈ. ਡੀ. ਹਮਲਾ ਕੀਤਾ | ਇਸ ਹਮਲੇ 'ਚ ਇਕ ਫ਼ੌਜੀ ਮੌਕੇ 'ਤੇ ਹੀ ਖ਼ਤਮ ਹੋ ਗਿਆ | ਬੀ. ਐੱਲ. ਏ. ਨੇ ਜ਼ਮੂਰਾਨ ਦੇ ਸਾਹ ਡੈਮ ਖੇਤਰ 'ਚ ਪਾਕਿਸਤਾਨੀ ਫ਼ੌਜ ਦੁਆਰਾ ਕੈਂਪ ਦੇ ਨੇੜੇ ਲਗਾਏ ਗਏ ਜਾਸੂਸੀ ਕੈਮਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਨਸ਼ਟ ਕਰ ਦਿੱਤਾ | ਇਕ ਹੋਰ ਕਾਰਵਾਈ 'ਚ ਬਲੋਚ ਲਿਬਰੇਸ਼ਨ ਆਰਮੀ ਦੇ ਲੜਾਕਿਆਂ ਨੇ ਪੰਜਗੁਰ ਦੇ ਚਿਤਕਾਨ ਖੇਤਰ 'ਚ ਕਲਾਮ ਚੌਕ 'ਤੇ ਪਾਕਿਸਤਾਨੀ ਫ਼ੌਜ ਦੀ ਚੌਕੀ 'ਤੇ ਹੈਂਡ ਗ੍ਰਨੇਡ ਹਮਲਾ ਕੀਤਾ | ਧਮਾਕੇ 'ਚ ਇਕ ਫ਼ੌਜੀ ਮਾਰਿਆ ਗਿਆ ਅਤੇ 2 ਹੋਰ ਜ਼ਖਮੀ ਹੋ ਗਏ | ਬਲੋਚ ਨੇ ਦੱਸਿਆ ਕਿ ਫ਼ੌਜ ਦੁਆਰਾ ਵਿਛਾਈ ਗਈ ਬਾਰੂਦੀ ਸੁਰੰਗ ਧਮਾਕੇ 'ਚ ਸਮੂਹ ਦਾ ਲੜਾਕਾ ਰਿਆਜ਼ ਉਰਫ਼ ਅਮਨ ਸਾਹੀਜੀ ਪੁੱਤਰ ਵਲੀਦ ਕਾਦਿਰ ਬਖ਼ਸ਼ ਵਾਸੀ ਦਸ਼ਤ ਸ਼ੋਲੀ ਮਾਰਿਆ ਗਿਆ |
ਬੀ. ਐੱਲ. ਏ. ਦੇ ਹਮਲਿਆਂ 'ਚ 4 ਪਾਕਿ ਫ਼ੌਜੀ ਹਲਾਕ <br/>
ਅਜੀਤ ਡੈਸਕ
17-06-2025