ਦੇਹਰਾਦੂਨ, 16 ਜੂਨ (ਪੀ.ਟੀ.ਆਈ.)-ਕੇਦਾਰਨਾਥ ਨੇੜੇ ਹੋਏ ਹੈਲੀਕਾਪਟਰ ਹਾਦਸੇ ਦੇ ਸੰਬੰਧ 'ਚ ਕਥਿਤ ਲਾਪਰਵਾਹੀ ਲਈ ਹੈਲੀਕਾਪਟਰ ਸੇਵਾ ਸੰਚਾਲਨ ਕੰਪਨੀ ਆਰੀਅਨ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਇਸ ਹਾਦਸੇ 'ਚ ਬੀਤੇ ਦਿਨ 7 ਲੋਕ ਮਾਰੇ ਗਏ ਸਨ | ਜਿਨ੍ਹਾਂ 'ਚ ਇਕ 2 ਸਾਲਾ ਬੱਚੀ ਤੇ ਪਾਇਲਟ ਵੀ ਸ਼ਾਮਿਲ ਸੀ | ਗੌਰੀਕੁੰਡ ਤੇ ਤਿ੍ਯੁਗੀਨਾਰਾਇਣ ਵਿਚਕਾਰ ਗੌਰੀ ਮਾਈ ਖਾਰਕ ਦੇ ਜੰਗਲਾਂ 'ਚ ਖਰਾਬ ਮੌਸਮ ਕਾਰਨ ਹਾਦਸਾਗ੍ਰਸਤ ਹੋਇਆ ਬੈਲ 407 ਹੈਲੀਕਾਪਟਰ ਆਰੀਅਨ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦਾ ਸੀ | ਪੁਲਿਸ ਨੇ ਕਿਹਾ ਕਿ ਆਰੀਅਨ ਏਵੀਏਸ਼ਨ ਦੇ ਜਵਾਬਦੇਹ ਮੈਨੇਜਰ ਕੌਸ਼ਿਕ ਪਾਠਕ ਤੇ ਮੈਨੇਜਰ ਵਿਕਾਸ ਤੋਮਰ ਵਿਰੁੱਧ ਸੋਨਪ੍ਰਯਾਗ ਪੁਲਿਸ ਸਟੇਸ਼ਨ 'ਚ ਬੀ.ਐਨ.ਐਸ. ਤੇ ਏਅਰਕ੍ਰਾਫਟ ਐਕਟ 1934 ਦੀ ਧਾਰਾ 10 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ |