ਅੰਮਿ੍ਤਸਰ, 16 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਨੇ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ ਸੁਰੱਖਿਆ ਬਲਾਂ ਨੇ ਸੂਬਾ ਖ਼ੈਬਰ ਪਖਤੂਨਖਵਾ 'ਚ ਦੋ ਖ਼ੁਫ਼ੀਆ ਆਧਾਰਿਤ ਕਾਰਵਾਈਆਂ ਵਿਚ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨਾਲ ਜੁੜੇ 5 ਸ਼ੱਕੀ ਅੱਤਵਾਦੀਆਂ ਨੂੰ ਮਾਰ ਦਿੱਤਾ | ਆਈ. ਐੱਸ. ਪੀ. ਆਰ. ਮੁਤਾਬਿਕ ਫ਼ਿਤਨਾ ਅਲ ਖਵਾਰਿਜ ਨਾਂਅ ਨਾਲ ਜਾਣੇ ਜਾਂਦੇ ਉਕਤ ਸਮੂਹ ਦੇ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਭਰੋਸੇਯੋਗ ਖ਼ੁਫ਼ੀਆ ਜਾਣਕਾਰੀ ਤੋਂ ਬਾਅਦ ਪਿਸ਼ਾਵਰ ਅਤੇ ਉੱਤਰੀ ਵਜ਼ੀਰਸਤਾਨ ਜ਼ਿਲਿ੍ਹਆਂ 'ਚ ਇਹ ਕਾਰਵਾਈਆਂ ਕੀਤੀਆਂ ਗਈਆਂ | ਪ੍ਰੈੱਸ ਬਿਆਨ ਮੁਤਾਬਿਕ ਪਹਿਲਾ ਆਪ੍ਰੇਸ਼ਨ ਪਿਸ਼ਾਵਰ ਜ਼ਿਲ੍ਹੇ 'ਚ ਕੀਤਾ ਗਿਆ, ਜਿੱਥੇ ਸੁਰੱਖਿਆ ਕਰਮਚਾਰੀਆਂ ਨੇ ਸ਼ੱਕੀ ਅੱਤਵਾਦੀਆਂ ਦੇ ਟਿਕਾਣੇ ਨੂੰ ਘੇਰ ਲਿਆ ਅਤੇ ਭਿਆਨਕ ਗੋਲੀਬਾਰੀ ਕੀਤੀ ਗਈ | ਮੀਡੀਆ ਵਿੰਗ ਦੁਆਰਾ ਮਾਰੇ ਗਏ 4 ਅੱਤਵਾਦੀਆਂ 'ਚੋਂ ਦੋ ਦੀ ਪਛਾਣ ਹਾਰਿਸ ਅਤੇ ਬਸ਼ੀਰ ਵਜੋਂ ਕੀਤੀ ਗਈ ਹੈ | ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ ਉੱਤਰੀ ਵਜ਼ੀਰਸਤਾਨ 'ਚ ਇਕ ਵੱਖਰੀ ਕਾਰਵਾਈ ਵਿਚ ਗੋਲੀਬਾਰੀ ਦੌਰਾਨ ਇਕ ਹੋਰ ਅੱਤਵਾਦੀ ਮਾਰਿਆ ਗਿਆ | ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਅੱਤਵਾਦੀਆਂ ਤੋਂ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕ ਬਰਾਮਦ ਕੀਤੇ ਗਏ ਹਨ |