ਮੋਰਿੰਡਾ (ਰੂਪਨਗਰ), 17 ਜੂਨ (ਪਿ੍ਤਪਾਲ ਸਿੰਘ)-ਸਥਾਨਕ ਵਾਰਡ ਨੰਬਰ 8 ਵਿਚ ਉੱਚੀ ਘਾਟੀ 'ਤੇ ਬੀਤੀ ਰਾਤ ਇਕ ਕੁੱਤੇ ਦੀ ਕੁੱਟਮਾਰ ਕਰਨ ਤੋਂ ਰੋਕਣ ਵਾਲੇ ਨੌਜਵਾਨ ਦੀ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਵਲੋਂ ਕਿਰਚਾਂ ਨੁਮਾ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ | ਇਸ ਸੰਬੰਧੀ ਮਿ੍ਤਕ ਨੌਜਵਾਨ ਮਨਪ੍ਰੀਤ ਸਿੰਘ ਦੇ ਪਿਤਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇੜੇ ਇਕ ਕੁੱਤਾ ਰਹਿੰਦਾ ਹੈ ਜੋ ਅਕਸਰ ਹੀ ਘਰ ਦੇ ਬਾਹਰ ਬੈਠਾ ਰਹਿੰਦਾ ਹੈ ਅਤੇ ਸਕੂਟਰ, ਮੋਟਰਸਾਈਕਲ 'ਤੇ ਲੰਘਣ ਵਾਲੇ ਹਰ ਵਿਅਕਤੀ ਨੂੰ ਭੌਂਕਦਾ ਰਹਿੰਦਾ ਹੈ | ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਹੀ ਰਹਿਣ ਵਾਲੇ ਅੱਧੀ ਦਰਜਨ ਤੋਂ ਵੱਧ ਨੌਜਵਾਨ ਜਦੋਂ ਉਨ੍ਹਾਂ ਦੇ ਘਰ ਦੇ ਸਾਹਮਣੇ ਵਾਲੀ ਗਲੀ 'ਚੋਂ ਲੰਘਣ ਲੱਗੇ ਤਾਂ ਇਹ ਕੁੱਤਾ ਉਨ੍ਹਾਂ ਨੂੰ ਭੌਂਕਣ ਲੱਗ ਪਿਆ ਤਾਂ ਇਨ੍ਹਾਂ ਨੌਜਵਾਨਾਂ ਵਲੋਂ ਕੁੱਤੇ ਦੀ ਮਾਰ ਕਟਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਕੁੱਤੇ ਦੇ ਰੋਣ ਦੀ ਆਵਾਜ਼ ਸੁਣਕੇ ਜਦੋਂ ਮਨਪ੍ਰੀਤ ਸਿੰਘ ਨੇ ਘਰ ਤੋਂ ਬਾਹਰ ਆ ਕੇ ਇਨ੍ਹਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹ ਸਾਰੇ ਨੌਜਵਾਨ ਮਨਪ੍ਰੀਤ ਸਿੰਘ ਨਾਲ ਲੜਾਈ ਝਗੜਾ ਕਰਨ ਲੱਗੇ ਅਤੇ ਉਨ੍ਹਾਂ ਘਰ ਤੋਂ ਥੋੜੀ ਦੂਰ ਲੈ ਜਾ ਕੇ ਕਿਰਚ ਮਾਰਕੇ ਮਨਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ | ਮਿ੍ਤਕ ਨੌਜਵਾਨ ਮਨਪ੍ਰੀਤ ਸਿੰਘ ਦੀ ਮਾਤਾ ਕਮਲਜੀਤ ਕੌਰ ਨੇ ਦੱਸਿਆ ਕਿ ਹਮਲਾਵਰਾਂ ਨੇ ਜਿੱਥੇ ਉਸਦੇ ਵੱਡੇ ਬੇਟੇ ਹਰਪ੍ਰੀਤ ਸਿੰਘ ਨਾਲ ਕੁੱਟਮਾਰ ਕੀਤੀ ਉੱਥੇ ਹੀ ਉਸਦੇ ਸਿਰ ਦੇ ਵਾਲ ਵੀ ਪੁੱਟੇ ਗਏ | ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਵਲੋਂ ਪੁਲਿਸ ਨੂੰ ਲਿਖਵਾਏ ਬਿਆਨਾਂ ਦੇ ਅਧਾਰ 'ਤੇ ਵਿਸ਼ਾਲ ਉਰਫ ਸ਼ਾਹੀ ਪੁੱਤਰ ਗੋਗੀ ਵਾਸੀ ਨੇੜੇ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ, ਗੌਤਮ ਪੁੱਤਰ ਝਾਂਗੀ ਵਾਸੀ ਨੇੜੇ ਮਾਤਾ ਕਾਲੀ ਦੇਵੀ ਮੰਦਰ, ਰੈਸਟ ਹਾਊਸ ਰੋਡ ਮੋਰਿੰਡਾ, ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਹਰਦੀਪ ਸਿੰਘ ਮੋਰਿੰਡਾ, ਵਿਸ਼ਾਲ ਪੁੱਤਰ ਵਿਜੇ ਕੁਮਾਰ, ਨਿਖਲੇਸ਼ ਉਰਫ ਨਿਖਿਲ ਪੁੱਤਰ ਅਸ਼ੋਕ ਕੁਮਾਰ ਵਾਸੀ ਪੁਰਾਣਾ ਬਾਜ਼ਾਰ ਮੋਰਿੰਡਾ ਹਰਸ਼ਦੀਪ ਸਿੰਘ ਉਰਫ ਹਰਸ਼ ਪੁੱਤਰ ਸਰਦਾਰਾਂ ਸਿੰਘ ਵਾਸੀ ਮੋਰਿੰਡਾ ਅਤੇ ਪਰਮਨਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਮੋਰਿੰਡਾ ਅਤੇ ਕੁਝ ਹੋਰ ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ |
ਤਿੰਨ ਗਿ੍ਫ਼ਤਾਰ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਮੋਰਿੰਡਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹੋਏ ਅਵਾਰਾ ਕੁੱਤੇ ਨੂੰ ਲੈ ਕੇ ਝਗੜੇ ਵਿਚ ਨੌਜਵਾਨ ਮਨਪ੍ਰੀਤ ਸਿੰਘ ਦੇ ਕਤਲ ਵਿਚ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ, ਉਨ੍ਹਾਂ ਵਿਚੋਂ ਅਰਸ਼ਦੀਪ ਸਿੰਘ ਉਰਫ ਅਰਸ਼ , ਨਿਖਲੇਸ਼ ਉਰਫ ਨਿਖਿਲ ਅਤੇ ਪਰਮਨਪ੍ਰੀਤ ਸਿੰਘ ਨੂੰ ਮੋਰਿੰਡਾ ਪੁਲਿਸ ਨੇ ਗਿ੍ਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਮਾਮੂਲੀ ਝਗੜੇ ਦੌਰਾਨ ਨੌਜਵਾਨ ਦਾ ਕਤਲ <br/>
ਅਜੀਤ ਡੈਸਕ
18-06-2025