ਜ਼ੀਰਾ/ਮੱਲਾਂਵਾਲਾ/ ਖੋਸਾ ਦਲ ਸਿੰਘ (ਫ਼ਿਰੋਜ਼ਪੁਰ), 17 ਜੂਨ (ਕਥੂਰੀਆ/ਜੋਸਨ/ ਸੰਧੂ)-ਵੱਟ ਦੇ ਰੌਲ਼ੇ ਨੂੰ ਲੈ ਕੇ ਬੀਤੀ ਦੇਰ ਰਾਤ ਥਾਣਾ ਮੱਲਾਂਵਾਲਾ ਦੇ ਅਧੀਨ ਪੈਂਦੇ ਪਿੰਡ ਭਾਗੋ ਕੇ ਵਿਖੇ ਇਕ ਧਿਰ ਵਲੋਂ ਚਲਾਈ ਗੋਲੀ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ | ਜਦੋਂਕਿ 2 ਵਿਅਕਤੀ ਜ਼ਖਮੀ ਹੋ ਗਏ | ਸਿਵਲ ਹਸਪਤਾਲ ਜ਼ੀਰਾ ਵਿਖੇ ਇਲਾਜ ਅਧੀਨ ਸੰਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਭਾਗੋ ਕੇ ਨੇ ਦੱਸਿਆ ਕਿ ਸਾਡਾ ਅਮਰਜੀਤ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਪਿੰਡ ਭਾਗੋ ਕੇ ਨਾਲ ਪਿਛਲੇ ਕੁੱਝ ਸਮੇਂ ਤੋਂ ਖੇਤ ਵਿਚ ਪਾਈ ਵੱਟ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ | ਸੰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ ਦਸ ਵਜੇ ਅਮਰਜੀਤ ਸਿੰਘ ਆਪਣੇ ਲੜਕੇ ਪ੍ਰਦੀਪ ਸਿੰਘ ਤੋਂ ਇਲਾਵਾ 2 ਹੋਰ ਵਿਅਕਤੀਆਂ ਸਮੇਤ ਵੱਟ ਵਾਲੀ ਥਾਂ 'ਤੇ ਇਕ ਬੰਦੂਕ ਅਤੇ ਰਿਵਾਲਵਰ ਤੋਂ ਇਲਾਵਾ ਡਾਂਗਾਂ ਸਮੇਤ ਟਰੈਕਟਰ 'ਤੇ ਆਏ ਅਤੇ ਵੱਟ ਵਾਹੁਣ ਤੋਂ ਬਾਅਦ ਸਾਨੂੰ ਗਾਲ਼ੀ ਗਲੋਚ ਕਰਨ ਲੱਗ ਪਿਆ | ਸੰਦੀਪ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਅਤੇ ਮੇਰੇ ਕੁਝ ਰਿਸ਼ਤੇਦਾਰਾਂ ਨੇ ਆ ਕੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਅਮਰਜੀਤ ਸਿੰਘ ਨੇ ਆਪਣੀ ਬੰਦੂਕ ਨਾਲ ਫਾਇਰ ਕਰ ਦਿੱਤਾ ਜੋ ਕਿ ਮੇਰੇ ਭਤੀਜੇ ਕਰਮਨਜੋਤ ਸਿੰਘ (17) ਪੁੱਤਰ ਗੁਰਪ੍ਰੀਤ ਸਿੰਘ ਦੀ ਛਾਤੀ ਵਿਚ ਲੱਗਾ | ਸੰਦੀਪ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਅਮਰਜੀਤ ਸਿੰਘ ਨੇ ਮੇਰਾ ਸਿਰ ਪਾੜ ਦਿੱਤਾ | ਇਸ ਸੰਬੰਧ ਵਿਚ ਜਦੋਂ ਥਾਣਾ ਮੱਲਾਂਵਾਲਾ ਦੇ ਐਸ. ਐਚ. ਓ. ਗੁਰਪ੍ਰੀਤ ਸਿੰਘ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਘਟਨਾ ਸਥਾਨ 'ਤੇ ਮੌਜੂਦ ਹਨ ਅਤੇ ਦੋਸ਼ੀਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |
ਵੱਟ ਦੇ ਰੌਲੇ ਨੂੰ ਲੈ ਕੇ ਚੱਲੀ ਗੋਲੀ ਨਾਲ ਨੌਜਵਾਨ ਦੀ ਮੌਤ <br/>
ਅਜੀਤ ਡੈਸਕ
18-06-2025