ਫ਼ਿਰੋਜ਼ਪੁਰ, 17 ਜੂਨ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਪੁਲਿਸ ਨੇ ਐਨ. ਡੀ. ਪੀ. ਐਸ. ਐਕਟ ਤਹਿਤ ਕਾਰਵਾਈ ਕਰਦਿਆਂ ਇਕ ਨਸ਼ਾ ਤਸਕਰ ਨੂੰ ਕਾਬੂ ਕਰਕੇ 9 ਕਿੱਲੋ 400 ਗਰਾਮ ਹੈਰੋਇਨ, 2.10 ਲੱਖ ਡਰੱਗ ਮਨੀ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ | ਜਦੋਂਕਿ ਉਸ ਦਾ ਦੂਜਾ ਸਾਥੀ ਹਨੇਰੇ ਦਾ ਫ਼ਾਇਦਾ ਉਠਾ ਕੇ ਮੌਕੇ ਤੋਂ ਫ਼ਰਾਰ ਹੋਣ ਵਿਚ ਸਫਲ ਹੋ ਗਿਆ | ਡਿਪਟੀ ਇੰਸਪੈਕਟਰ ਜਨਰਲ ਫ਼ਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਐਸ.ਪੀ (ਡੀ) ਮਨਜੀਤ ਸਿੰਘ ਤੇ ਡੀ.ਐਸ.ਪੀ (ਡੀ) ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ਼ ਜ਼ੀਰਾ ਦੇ ਇੰਚਾਰਜ ਸਬ ਇੰਸਪੈਕਟਰ ਪਿੱਪਲ ਸਿੰਘ ਦੀ ਅਗਵਾਈ ਵਿਚ ਟੀਮ ਵਲੋਂ ਜ਼ੀਰਾ-ਸਨੇਰ ਸੜਕ 'ਤੇ ਪੈਂਦੇ ਨਹਿਰ ਦੇ ਪੁਲ 'ਤੇ ਕੀਤੀ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਦੇ ਪਿੱਛੇ ਬੈਠਾ ਵਿਅਕਤੀ ਆਪਣੇ ਹੱਥ ਵਿਚ ਫੜਿਆ ਕਾਲੇ ਰੰਗ ਦਾ ਬੈਗ ਸੁੱਟ ਕੇ ਮੌਕੇ ਤੋਂ ਹਨੇਰੇ ਦਾ ਫ਼ਾਇਦਾ ਲੈਂਦਿਆਂ ਫ਼ਰਾਰ ਹੋ ਗਿਆ | ਪੁਲਿਸ ਪਾਰਟੀ ਵਲੋਂ ਬੈਗ ਦੀ ਕੀਤੀ ਤਲਾਸ਼ੀ ਦੌਰਾਨ ਉਸ ਵਿਚੋਂ 9 ਕਿੱਲੋ 400 ਗਰਾਮ ਹੈਰੋਇਨ, 2 ਲੱਖ 10 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਹੋਈ | ਉਨ੍ਹਾਂ ਦੱਸਿਆ ਕਿ ਸੀ.ਆਈ.ਏ ਟੀਮ ਵਲੋਂ ਦੋਸ਼ੀ ਹਰਮੇਸ਼ ਸਿੰਘ ਉਰਫ਼ ਰਮੇਸ਼ ਕੱਟਾ ਪੁੱਤਰ ਮਾਤੂ ਰਾਮ ਵਾਸੀ ਨੇੜੇ ਮਾਤਾ ਦਾ ਮੰਦਿਰ, ਬਸਤੀ ਮਾਛੀਆਂ, ਥਾਣਾ ਸਿਟੀ ਜ਼ੀਰਾ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਜਦੋਂ ਕਿ ਮੌਕੇ ਤੋਂ ਫ਼ਰਾਰ ਹੋਏ ਉਸ ਦੇ ਸਾਥੀ ਅਜੇ ਪੁੱਤਰ ਵਿਜੇ ਕੁਮਾਰ ਵਾਸੀ ਬਸਤੀ ਮਾਛੀਆਂ ਥਾਣਾ ਸਿਟੀ ਜ਼ੀਰਾ ਦੀ ਗਿ੍ਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸ ਮੌਕੇ ਉਨ੍ਹਾਂ ਨਾਲ ਐਸ.ਐਸ.ਪੀ ਭੁਪਿੰਦਰ ਸਿੰਘ ਸਿੱਧੂ, ਐਸ.ਪੀ (ਡੀ) ਮਨਜੀਤ ਸਿੰਘ, ਐਸ.ਪੀ (ਸਥਾਨਕ) ਨਵੀਨ ਕੁਮਾਰ, ਡੀ.ਐਸ.ਪੀ (ਸਿਟੀ) ਸੁਖਵਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ਼ ਜ਼ੀਰਾ ਸਬ ਇੰਸਪੈਕਟਰ ਪਿੱਪਲ ਸਿੰਘ ਆਦਿ ਮੌਜੂਦ ਸਨ |
ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ 9.4 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ <br/>
ਅਜੀਤ ਡੈਸਕ
18-06-2025