• ਲੋਕਾਂ ਦੇ ਸਮਰਥਨ ਲਈ ਕੀਤਾ ਧੰਨਵਾਦ • ਅਰੋੜਾ ਦੇ ਚੋਣ ਜਿੱਤਣ ਤੋਂ ਬਾਅਦ ਹਲਕੇ ਦਾ ਵਿਕਾਸ ਹੋਰ ਤੇਜ਼ੀ ਨਾਲ ਹੋਵੇਗਾ-ਮਨੀਸ਼ ਸਿਸੋਦੀਆ
<br/>
ਲੁਧਿਆਣਾ, 17 ਜੂਨ (ਪਰਮਿੰਦਰ ਸਿੰਘ ਆਹੂਜਾ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਲੁਧਿਆਣਾ ਪੱਛਮੀ ਵਿਚ ਰੋਡ ਸ਼ੋਅ ਕੀਤਾ, ਜਿਸ ਦੀ ਅਗਵਾਈ 'ਆਪ' ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ, ਸੀਨੀਅਰ ਕੈਬਨਿਟ ਮੰਤਰੀਆਂ ਅਤੇ ਲੁਧਿਆਣਾ ਪੱਛਮੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਕੀਤੀ | ਇਸ ਰੋਡ ਸ਼ੋਅ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ, ਹਜ਼ਾਰਾਂ ਲੋਕ 'ਆਪ' ਨੂੰ ਆਪਣਾ ਸਮਰਥਨ ਦੇਣ ਲਈ ਸ਼ਾਮਿਲ ਹੋਏ | ਰੋਡ ਸ਼ੋਅ ਵਿਚ ਸੈਂਕੜੇ ਮੋਟਰਸਾਈਕਲਾਂ ਅਤੇ ਕਾਰਾਂ ਦਾ ਕਾਫ਼ਲਾ ਦੇਖਣ ਨੂੰ ਮਿਲਿਆ, ਜਿਨ੍ਹਾਂ ਵਿਚ ਬੈਠੇ ਲੋਕਾਂ ਨੇ 'ਆਪ' ਦੇ ਹੱਕ ਵਿਚ ਨਾਅਰੇ ਲਗਾਏ ਅਤੇ ਲੋਕਾਂ ਨੂੰ 'ਆਪ' ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ | ਪਾਰਟੀ ਉਮੀਦਵਾਰ ਸੰਜੀਵ ਅਰੋੜਾ ਨੇ ਲੋਕਾਂ ਦਾ ਉਨ੍ਹਾਂ ਦੇ ਸਮਰਥਨ ਲਈ ਦਿਲੋਂ ਧੰਨਵਾਦ ਕੀਤਾ | ਅਰੋੜਾ ਨੇ ਕਿਹਾ ਕਿ ਤੁਹਾਡਾ ਪਿਆਰ ਅਤੇ ਵਿਸ਼ਵਾਸ ਮੈਨੂੰ ਲੁਧਿਆਣਾ ਪੱਛਮੀ ਦੇ ਵਿਕਾਸ ਲਈ ਹੋਰ ਵੀ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ | ਅਰੋੜਾ ਨੇ ਚੋਣ ਪ੍ਰਕਿਰਿਆ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਲੋਕਾਂ ਨੂੰ 19 ਜੂਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ | ਰੋਡ ਸ਼ੋਅ ਵਿਚ ਸ਼ਾਮਿਲ ਮਨੀਸ਼ ਸਿਸੋਦੀਆ ਨੇ ਕਿਹਾ ਕਿ 'ਆਪ' ਲੁਧਿਆਣਾ ਪੱਛਮੀ ਨੂੰ ਇਕ ਮਾਡਲ ਹਲਕੇ ਵਿਚ ਬਦਲਣ ਲਈ ਵਚਨਬੱਧ ਹੈ | ਉਨ੍ਹਾਂ ਲੋਕਾਂ ਨੂੰ ਸੰਜੀਵ ਅਰੋੜਾ ਦੇ ਹੱਕ ਵਿਚ ਵੋਟ ਪਾਉਣ ਦੀ ਜ਼ੋਰਦਾਰ ਅਪੀਲ ਕੀਤੀ | ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ 23 ਜੂਨ ਤੋਂ ਬਾਅਦ ਲੁਧਿਆਣਾ ਪੱਛਮੀ ਵਿਚ ਬੇਮਿਸਾਲ ਵਿਕਾਸ ਹੋਵੇਗਾ, ਸਾਰੇ ਪੈਡਿੰਗ ਪ੍ਰੋਜੈਕਟਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਉਨ੍ਹਾਂ ਅੱਗੇ ਕਿਹਾ ਕਿ ਬੁਨਿਆਦੀ ਢਾਂਚੇ ਤੋਂ ਲੈ ਕੇ ਬੁਨਿਆਦੀ ਸਹੂਲਤਾਂ ਤੱਕ ਲੁਧਿਆਣਾ ਪੱਛਮੀ ਦੀ ਹਰ ਜ਼ਰੂਰਤ 'ਆਪ' ਦੀ ਅਗਵਾਈ ਹੇਠ ਪੂਰੀ ਕੀਤੀ ਜਾਵੇਗੀ | ਰੋਡ ਸ਼ੋਅ ਵਿਚ ਲੀਡਰਸ਼ਿਪ ਅਤੇ ਸਮਰਥਕਾਂ ਨੇ ਲੁਧਿਆਣਾ ਪੱਛਮੀ ਵਿਚ 'ਆਪ' ਦੀ ਜਿੱਤ 'ਤੇ ਭਰੋਸਾ ਪ੍ਰਗਟ ਕੀਤਾ | ਪਾਰਟੀ ਨੇ ਵੋਟਰਾਂ ਨੂੰ 19 ਜੂਨ ਨੂੰ ਵੱਡੀ ਗਿਣਤੀ ਵਿਚ ਬਾਹਰ ਆਉਣ ਅਤੇ ਲੁਧਿਆਣਾ ਪੱਛਮੀ ਦੇ ਵਿਕਾਸ ਲਈ ਵੋਟ ਪਾਉਣ ਦੀ ਅਪੀਲ ਕੀਤੀ |
ਆਖਰੀ ਦਿਨ 'ਆਪ' ਉਮੀਦਵਾਰ ਸੰਜੀਵ ਅਰੋੜਾ ਵਲੋਂ ਵਿਸ਼ਾਲ ਰੋਡ ਸ਼ੋਅ
ਅਜੀਤ ਡੈਸਕ
18-06-2025