ਲੋਕ ਵਿਰੋਧੀ ਸਰਕਾਰ ਵਿਰੁੱਧ ਗੁੱਸੇ ਨਾਲ ਭਰੇ ਹੋਏ ਹਨ ਲੋਕ-ਆਸ਼ੂ
<br/>
ਲੁਧਿਆਣਾ, 17 ਜੂਨ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਵਲੋਂ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਕੱਢੇ ਰੋਡ ਸ਼ੋਅ ਦੌਰਾਨ ਲੋਕਾਂ ਦਾ ਹਜੂਮ ਉਮੜ ਆਇਆ, ਜਿਨ੍ਹਾਂ ਨੇ ਹੱਥਾਂ ਵਿਚ ਤਿਰੰਗਾ ਫੜ ਆਸ਼ੂ ਨੂੰ ਜਿੱਤ ਦਾ ਭਰੋਸਾ ਦਿੱਤਾ | ਰੋਡ ਸ਼ੋਅ ਦੌਰਾਨ ਆਸ਼ੂ ਦਾ ਸਥਾਨਕ ਲੋਕਾਂ ਨੇ ਥਾਂ-ਥਾਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ | ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਸਹਿ-ਇੰਚਾਰਜ ਰਵਿੰਦਰ ਡਾਲਵੀਆ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਕਿਸ਼ੋਰੀ ਲਾਲ ਸ਼ਰਮਾ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪਰਗਟ ਸਿੰਘ, ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ, ਸਾਬਕਾ ਯੂਥ ਕਾਂਗਰਸ ਪ੍ਰਧਾਨ ਰਮਿੰਦਰ ਆਵਲਾ, ਸਾਬਕਾ ਵਿਧਾਇਕ ਇੰਦਰਜੀਤ ਬੁਲਾਰੀਆ ਸਮੇਤ ਹਜ਼ਾਰਾਂ ਲੋਕ ਮੌਜੂਦ ਸਨ | ਆਸ਼ੂ ਨੇ ਹਲਕਾ ਪੱਛਮੀ ਦੇ ਲੋਕਾਂ ਦਾ ਲੰਬੀ ਚੋਣ ਮੁਹਿੰਮ ਦੌਰਾਨ ਮਿਲੇ ਪਿਆਰ ਅਤੇ ਸਤਿਕਾਰ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਂਗਰਸ ਸਮਰਥਕਾਂ 'ਤੇ ਕਾਂਗਰਸ ਛੱਡਣ ਲਈ ਸਰਕਾਰ ਦੇ ਇਕ ਪਾਸੜ ਦਬਾਅ ਦੇ ਬਾਵਜੂਦ, ਉਹ ਮੈਦਾਨ ਵਿਚ ਡਟੇ ਰਹੇ | ਇਸ ਮੌਕੇ ਆਸ਼ੂ ਕੁਝ ਭਾਵੁਕ ਹੁੰਦੇ ਹੋਏ ਵੀ ਨਜ਼ਰ ਆਏ | ਉਨ੍ਹਾਂ ਕਿਹਾ ਕਿ ਝੂਠ ਅਤੇ ਡਰ ਦਾ ਸਾਮਰਾਜ 19 ਜੂਨ ਨੂੰ ਖ਼ਤਮ ਹੋ ਜਾਵੇਗਾ | ਕਾਂਗਰਸ ਦੇ ਰੋਡ ਸ਼ੋਅ ਦੌਰਾਨ ਇਕੱਠ ਵੱਲ ਇਸ਼ਾਰਾ ਕਰਦੇ ਕਾਂਗਰਸੀ ਉਮੀਦਵਾਰ ਆਸ਼ੂ ਨੇ ਕਿਹਾ ਕਿ ਆਮ ਲੋਕਾਂ ਵਿਚ ਲੋਕ ਵਿਰੋਧੀ ਸਰਕਾਰ ਵਿਰੁੱਧ ਗ਼ੁੱਸੇ ਦੀ ਅੱਗ ਭੜਕ ਰਹੀ ਹੈ ਕਿਉਂਕਿ ਸੂਬੇ ਵਿਚ ਹਰ ਪਾਸੇ ਹਫੜਾ-ਦਫੜੀ ਦਾ ਮਾਹੌਲ ਹੈ | ਸੂਬਾ ਸਰਕਾਰ ਨੇ ਪੱਛਮੀ ਵਿਧਾਨ ਸਭਾ ਵਿਚ ਹਾਰ ਸਵੀਕਾਰ ਕਰ ਲਈ ਹੈ | ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਉਪ ਚੋਣ ਵਿਚ ਝਾੜੂ ਵਾਲਿਆਂ ਦੀ ਸੰਭਾਵਿਤ ਹਾਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸੰਜੀਵ ਅਰੋੜਾ ਨੂੰ ਲਾਵਾਰਿਸ ਛੱਡ ਕੇ ਚੋਣ ਮੈਦਾਨ ਤੋਂ ਭੱਜ ਗਏ ਹਨ | ਉਨ੍ਹਾਂ ਕਿਹਾ ਕਿ ਉਪ ਚੋਣ ਆਮ ਆਦਮੀ ਪਾਰਟੀ ਨਹੀਂ ਬਲਕਿ ਸਰਕਾਰੀ ਮਸ਼ੀਨਰੀ ਚੋਣ ਲੜ ਰਹੀ ਹੈ |
ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਵਲੋਂ ਭਰਵਾਂ ਰੋਡ ਸ਼ੋਅ
ਅਜੀਤ ਡੈਸਕ
18-06-2025