• ਗੁਆਂਢੀ ਸੂਬੇ ਦੇ ਖੇਤਾਂ 'ਚ ਹਰ ਸਾਲ ਲੱਗ ਰਹੇ ਨੇ 70 ਹਜ਼ਾਰ ਦੇ ਕਰੀਬ ਸੋਲਰ ਪੰਪ • ਅਜਿਹਾ ਕਰਨ ਨਾਲ ਪਾਵਰਕਾਮ 'ਤੇ ਘਟੇਗਾ ਲੋਡ ਦਾ ਭਾਰ
<br/>
ਸੰਗਰੂਰ, 17 ਜੂਨ (ਧੀਰਜ ਪਸ਼ੋਰੀਆ)-ਖੇਤੀ ਸੈਕਟਰ ਵਿਚ ਲਗਾਤਾਰ ਵੱਧ ਰਹੀ ਬਿਜਲੀ ਦੀ ਮੰਗ ਨੂੰ ਵੇਖਦਿਆਂ ਗੁਆਂਢੀ ਸੂਬੇ ਹਰਿਆਣਾ ਵਿਚ ਖੇਤੀ ਟਿਉਬਵੈੱਲਾਂ 'ਤੇ ਲਗਾਤਾਰ ਸੋਲਰ ਪੰਪ ਲਗਾਏ ਜਾ ਰਹੇ ਹਨ | ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਕਸ਼ਾ ਇਵੈਂਮ ਉਥਾਨ ਮਹਾਂ ਅਭਿਆਨ ਤਹਿਤ ਹਰਿਆਣਾ ਰਨਿਊਲ ਐਨਰਜੀ ਡਿਵੈਲਪਮੈਂਟ ਏਜੰਸੀ ਵਲੋਂ ਹਰਿਆਣਾ ਵਿਚ 3.00 ਤੋਂ 10.00 ਹਾਰਸ ਪਾਵਰ ਤੱਕ ਦੇ ਲਗਾਏ ਜਾ ਰਹੇ ਇਨ੍ਹਾਂ ਸੋਲਰ ਪੰਪਾਂ (ਸੂਰਜੀ ਤਾਪ ਤੋਂ ਬਿਜਲੀ ਪੈਦਾ ਕਰਨ ਵਾਲੇ) 'ਤੇ 30 ਪ੍ਰਤੀਸ਼ਤ ਸਬਸਿਡੀ ਕੇਂਦਰ ਸਰਕਾਰ ਅਤੇ 45 ਪ੍ਰਤੀਸ਼ਤ ਸਬਸਿਡੀ ਰਾਜ ਸਰਕਾਰ ਵਲੋਂ ਦਿੱਤੀ ਜਾਂਦੀ ਹੈ ਬਾਕੀ 25 ਪ੍ਰਤੀਸ਼ਤ ਰਕਮ ਦਾ ਭੁਗਤਾਨ ਕਿਸਾਨਾਂ ਵਲੋਂ ਕੀਤਾ ਜਾਂਦਾ ਹੈ | ਉਦਾਹਰਨ ਦੇ ਤੌਰ 'ਤੇ 10 ਹਾਰਸ ਪਾਵਰ ਵਾਲੇ ਸੋਲਰ ਪੰਪ ਦੀ ਕੀਮਤ 6.00 ਲੱਖ ਰੁਪਏ ਦੇ ਕਰੀਬ ਹੈ, ਇਸ ਵਾਸਤੇ ਕਿਸਾਨ ਨੂੰ ਸਿਰਫ਼ ਡੇਢ ਲੱਖ ਰੁਪਏ ਅਦਾ ਕਰਨੇ ਪੈਂਦੇ ਹਨ | ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰਕੱਸ਼ਾ ਮਹਾ ਅਭਿਆਨ ਨੂੰ ਹਰਿਆਣਾ ਸਰਕਾਰ ਵਲੋਂ ਭਰਭੂਰ ਸਮਰਥਨ ਦਿੱਤੇ ਜਾਣ ਕਾਰਨ ਇਸ ਸੂਬੇ ਵਿਚ 2023-24 ਵਿਚ 67418 ਸੋਲਰ ਪੰਪ ਲਗਾਏ ਗਏ ਜਦਕਿ 2024-25 ਵਿਚ 70,000 ਦੇ ਕਰੀਬ ਸੋਲਰ ਪੰਪ ਲਗਾਏ ਗਏ ਹਨ | ਸਾਲ 2025-26 ਵਿਚ ਵੱਡੀ ਗਿਣਤੀ ਸੋਲਰ ਪੰਪ ਲਗਾਏ ਜਾਣ ਦਾ ਟੀਚਾ ਹੈ | ਇਸ ਨਾਲ ਸੂਬੇ ਦੇ ਬਿਜਲੀ ਅਦਾਰਿਆਂ 'ਤੇ ਕਾਫ਼ੀ ਭਾਰ ਘਟਿਆ ਹੈ |
ਪੰਜਾਬ 'ਚ ਵੀ ਲਗਾਏ ਜਾਣ ਸੋਲਰ ਪੰਪ
ਉੱਦਮੀ ਕਿਸਾਨ ਅਤੇ ਭਾਜਪਾ ਆਗੂ ਅਮਨ ਪੂਨੀਆ ਨੇ ਕੇਂਦਰ ਸਰਕਾਰ ਵਲੋਂ ਚਲ ਰਹੀ ਇਸ ਸਕੀਮ ਨੂੰ ਲਾਹੇਵੰਦ ਦੱਸਦਿਆਂ ਕਿ ਪੰਜਾਬ ਸਰਕਾਰ ਵੀ ਆਪਣੀ ਏਜੰਸੀ ਪੇਡਾ ਰਾਹੀ ਇਸ ਸਕੀਮ ਨੂੰ ਪ੍ਰੋਮਟ ਕਰੇ ਤਾਂ ਜੋ ਕਿਸਾਨ ਇਸ ਸਕੀਮ ਦਾ ਲਾਭ ਉਠਾ ਸਕਣ | ਅਜਿਹਾ ਕਰਨ ਨਾਲ ਜਿੱਥੇ ਪਾਵਰਕਾਮ 'ਤੇ ਬਿਜਲੀ ਦਾ ਲੋਡ ਘਟੇਗਾ, ਉੱਥੋਂ ਇਨਫਰਾਸਟਰਚਰ ਦਾ ਖਰਚਾ ਵੀ ਘਟੇਗਾ ਅਮਨ ਪੂਨੀਆ ਨੇ ਕਿਹਾ ਕਿ ਅਜਿਹੇ ਸੋਲਰ ਪੰਪ ਵੱਡੀ ਗਿਣਤੀ ਵਿਚ ਲੱਗਣ ਨਾਲ ਸਪਲਾਈ ਲਾਈਨਾਂ ਦੀ ਗਿਣਤੀ ਘਟਣ ਨਾਲ ਸ਼ਾਰਟ ਸਰਕਟ ਕਾਰਨ ਅਗਜਨੀ ਦੀਆਂ ਘਟਨਾਵਾਂ ਵੀ ਘੱਟਣਗੀਆ |
ਹਰਿਆਣਾ ਵਾਂਗ ਪੰਜਾਬ ਦੇ ਖੇਤੀ ਟਿਊਬਵੈੱਲਾਂ 'ਤੇ ਸੋਲਰ ਪੰਪ ਲਗਾਏ ਜਾਣ ਦੀ ਜ਼ਰੂਰਤ
ਸੋਲਰ ਪੰਪ ਅਤੇ (ਹਾਸ਼ੀਏ 'ਚ) ਉੱਦਮੀ ਕਿਸਾਨ ਅਮਨ ਪੂਨੀਆ | ਤਸਵੀਰਾਂ : ਮੁਕੇਸ਼ ਕੁਮਾਰ<br/>
18-06-2025