ਲੁਧਿਆਣਾ, 17 ਜੂਨ (ਜਗਮੀਤ ਸਿੰਘ)-ਦੇਸ਼ ਭਰ ਦੀਆਂ ਸੰਸਥਾਵਾਂ ਨੂੰ ਉਨ੍ਹਾਂ ਦੇ ਕਾਰਜ ਅਤੇ ਯੋਗਦਾਨ ਦੇ ਆਧਾਰ 'ਤੇ ਦਰਜਾਬੰਦੀ ਦੇਣ ਵਾਲੀ ਏਜੰਸੀ ਇੰਡੀਅਨ ਇੰਸਟੀਟਿਊਸ਼ਨ ਰੈਂਕਿੰਗ ਫਰੇਮ ਵਰਕ (ਆਈ.ਆਈ.ਆਰ.ਐਫ.) ਦੀ ਜਾਰੀ ਹੋਈ 2025 ਦੀ ਦਰਜਾਬੰਦੀ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ (ਪੀ.ਏ.ਯੂ.) ਨੇ ਦੇਸ਼ ਦੀਆਂ 67 ਰਾਜ ਖੇਤੀ ਯੂਨੀਵਰਸਿਟੀਆਂ 'ਚੋਂ ਸਿਖਰਲਾ ਸਥਾਨ ਹਾਸਿਲ ਕੀਤਾ ਹੈ | ਇਹੀ ਨਹੀਂ ਪੀ.ਏ.ਯੂ. ਨੇ ਦੇਸ਼ ਭਰ ਦੇ 78 ਖੇਤੀ ਸੰਸਥਾਨਾਂ 'ਚੋਂ ਦੂਸਰਾ ਦਰਜਾ ਵੀ ਇਸ ਦਰਜਾਬੰਦੀ ਅਨੁਸਾਰ ਹਾਸਿਲ ਕੀਤਾ | ਇਨ੍ਹਾਂ 78 ਸੰਸਥਾਨਾਂ ਵਿਚ ਖੇਤੀਬਾੜੀ ਅਤੇ ਬਾਗ਼ਬਾਨੀ ਦੀਆਂ ਸੰਸਥਾਵਾਂ ਤੋਂ ਬਿਨਾਂ ਆਈ.ਸੀ.ਏ.ਆਰ. ਦੀਆਂ ਖ਼ੁਦਮੁਖ਼ਤਾਰ ਯੂਨੀਵਰਸਿਟੀਆਂ, ਕੇਂਦਰੀ ਖੇਤੀ ਯੂਨੀਵਰਸਿਟੀਆਂ ਅਤੇ ਆਈ.ਸੀ.ਏ.ਆਰ ਦੇ ਸੰਸਥਾਨ ਸ਼ਾਮਿਲ ਹਨ | ਕੇਵਲ ਆਈ.ਸੀ.ਏ.ਆਰ-ਆਈ.ਏ.ਆਰ.ਆਈ. ਦੀ ਰੈਂਕਿੰਗ ਪੀ.ਏ.ਯੂ. ਨਾਲੋਂ ਬਿਹਤਰ ਰਹੀ | ਇਸ ਮੌਕੇ ਪੀ.ਏ.ਯੂ. ਦੇ ਉਪ-ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਸ ਦਰਜਾਬੰਦੀ ਨੇ ਇਕ ਵਾਰ ਫਿਰ ਪੀ.ਏ.ਯੂ. ਵਲੋਂ ਖੋਜ ਅਤੇ ਅਕਾਦਮਿਕ ਖੇਤਰ ਵਿਚ ਦਿੱਤੇ ਗਏ ਯੋਗਦਾਨ ਦੀ ਸਾਰਥਿਕਤਾ ਨੂੰ ਸਾਬਤ ਕੀਤਾ ਹੈ | ਪੀ.ਏ.ਯੂ. ਦੀ ਵਿਰਾਸਤ ਦੇਸ਼ ਦੀਆਂ ਸਿਖਰਲੀਆਂ ਸੰਸਥਾਵਾਂ ਵਿਚੋਂ ਵੀ ਮੋਹਰੀ ਭੂਮਿਕਾ ਅਦਾ ਕਰਨ ਵਿਚੋਂ ਪਛਾਣੀ ਜਾ ਸਕਦੀ ਹੈ | ਇਹ ਪ੍ਰਾਪਤੀ ਪੀ.ਏ.ਯੂ. ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਅਤੇ ਸਮਰਪਣ ਦਾ ਨਤੀਜਾ ਹੈ |