ਬਠਿੰਡਾ, 18 ਜੂਨ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਪੈਨਸ਼ਨਰਾਂ ਨੂੰ ਛੁੱਟੀਆਂ ਦੇ ਸੋਧੇ ਹੋਏ ਪੈਮਾਨੇ (ਰੀਵਾਈਜਡ ਲੀਵ ਇਨ ਕੈਂਸ਼ਮੈਂਟ) ਤਹਿਤ ਬਣਦਾ ਵਿੱਤੀ ਲਾਭ ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ, ਜਿਸ ਕਾਰਨ ਪੈਨਸ਼ਨਰਾਂ 'ਚ ਰੋਸ ਪਾਇਆ ਜਾ ਰਿਹਾ | ਇਸ ਸੰਬੰਧੀ ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਦਰਸ਼ਨ ਸਿੰਘ ਮੌੜ ਅਤੇ ਜਨਰਲ ਸਕੱਤਰ ਪਿ੍ੰਸੀਪਲ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸੇ ਵਰ੍ਹੇ ਦੀ 18 ਫਰਵਰੀ ਨੂੰ ਇਕ ਪੱਤਰ ਜਾਰੀ ਕੀਤਾ ਸੀ ਕਿ 1 ਜਨਵਰੀ 2016 ਤੋਂ 30 ਜੂਨ 2021 ਦੇ ਸਮੇਂ ਦੌਰਾਨ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੂੰ 6ਵੇਂ ਤਨਖ਼ਾਹ ਕਮਿਸ਼ਨ ਮੁਤਾਬਿਕ ਛੁੱਟੀਆਂ ਦੇ ਸੋਧੇ ਹੋਏ ਪੈਮਾਨੇ ਅਨੁਸਾਰ ਛੁੱਟੀਆਂ ਦਾ ਬਣਦਾ ਵਿੱਤੀ ਲਾਭ ਦਿੱਤਾ ਜਾਵੇਗਾ, ਜਿਸ ਦੀ ਪਹਿਲੀ ਕਿਸ਼ਤ ਬੀਤੇ ਅਪ੍ਰੈਲ ਮਹੀਨੇ ਵਿਚ ਜਾਰੀ ਕਰਨ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਕੋਈ ਪੈਸਾ ਨਹੀਂ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਵਿੱਤੀ ਲਾਭ ਲੈਣ ਲਈ ਸਰਕਾਰ ਦੇ ਹੁਕਮਾਂ ਅਨੁਸਾਰ ਆਈ.ਐੱਚ. ਆਰ.ਐੱਮ.ਐੱਸ. ਪੋਰਟਲ ਉਪਰ ਬਿੱਲ ਬਣਾਏ ਜਾਣੇ ਸਨ ਪਰ ਅਜੇ ਤੱਕ ਸਰਕਾਰ ਨੇ ਇਹ ਪੋਰਟਲ ਨਹੀਂ ਖੋਲਿ੍ਹਆ, ਜਦਕਿ ਹੁਣ ਇਹ ਬਿੱਲ ਆਈ.ਐੱਫ.ਐੱਮ.ਐੱਸ. ਰਾਹੀਂ ਬਣਾਉਣ ਦੇ ਹੁਕਮ ਚਾੜ੍ਹ ਦਿੱਤੇ ਗਏ ਹਨ ਤੇ ਜਦੋਂ ਬਿੱਲ ਖ਼ਜ਼ਾਨਾ ਦਫ਼ਤਰ 'ਚ ਜਮ੍ਹਾ ਕਰਵਾਏ ਗਏ ਤਾਂ ਅੱਗਿਓਾ ਖ਼ਜ਼ਾਨਾ ਦਫ਼ਤਰ ਦੇ ਅਧਿਕਾਰੀਆਂ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਸੂਬਾ ਸਰਕਾਰ ਨੇ ਇਹ ਲਾਭ (ਰਕਮ) ਦੇਣਾ ਬੰਦ ਕਰ ਦਿੱਤਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਸਾਲ 2021 'ਚ ਮਿਲਣ ਵਾਲੇ ਇਸ ਲਾਭ ਨੂੰ ਹੋਰ ਲਟਕਾਉਣ ਦੀ ਬਜਾਏ ਤੁਰੰਤ ਦਿੱਤਾ ਜਾਵੇ | ਇਸ ਮੌਕੇ ਸੀਨੀਅਰ ਉੱਪ-ਪ੍ਰਧਾਨ ਹਰਜਸ ਸਿੰਘ ਬਰਾੜ, ਖ਼ਜ਼ਾਨਚੀ ਬਲਦੇਵ ਸਿੰਘ, ਲੇਖਾਕਾਰ ਆਤਮਾ ਰਾਮ ਤੇ ਪ੍ਰੈੱਸ ਸਕੱਤਰ ਹਰਮੰਦਰ ਸਿੰਘ ਦੌਲਾ ਆਦਿ ਮੌਜੂਦ ਸਨ |