ਖੇਮਕਰਨ (ਤਰਨ ਤਾਰਨ), 18 ਜੂਨ (ਰਾਕੇਸ਼ ਕੁਮਾਰ ਬਿੱਲਾ)-ਬੀ. ਐੱਸ. ਐੱਫ. ਵਲੋਂ ਹਿੰਦ-ਪਾਕਿ ਸਰਹੱਦ 'ਤੇ ਭਾਰਤੀ ਖੇਤਰ 'ਚ ਘੁੰਮ ਰਹੇ ਇਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ | ਸੰਬੰਧਿਤ ਥਾਣਾ ਖੇਮਕਰਨ ਵਲੋਂ ਕੇਸ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ | ਇਸ ਸੰਬੰਧੀ ਐੱਸ.ਐੱਚ.ਓ. ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਥਾਣੇ ਤੋਂ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ, ਜਿਸ ਦੌਰਾਨ ਬੀ.ਐੱਸ.ਐੱਫ. ਦੀ ਸੀਮਾ ਚੌਂਕੀ ਕੇ. ਕੇ. ਬੈਰੀਅਰ ਦੇ ਕੰਪਨੀ ਕਮਾਂਡਰ ਇੰਸਪੈਕਟਰ ਅਭਿਸ਼ੇਕ ਕੁਮਾਰ ਨੇ ਲਿਖਤੀ ਸੂਚਨਾ ਦਿੱਤੀ ਕਿ ਬੀ.ਐੱਸ.ਐੱਫ. ਦੀ 103 ਬਟਾਲੀਅਨ ਦੇ ਜਵਾਨਾਂ ਨੇ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਨਜ਼ਦੀਕ ਭਾਰਤੀ ਖੇਤਰ 'ਚ ਘੁੰਮ ਰਹੇ ਇਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ ਹੈ, ਜਿਸ ਦੀ ਪਛਾਣ ਅਫਦੁੱਲ ਗਫਾਰ ਪੁੱਤਰ ਰਸੂਲ ਬਖਸ਼ ਵਾਸੀ ਪਾਕਿਸਤਾਨ ਵਜੋਂ ਹੋਈ ਹੈ | ਕਾਬੂ ਕੀਤੇ ਵਿਅਕਤੀ ਨੰੂ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ | ਪੁਲਿਸ ਵਲੋਂ ਫੜੇ ਗਏ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ |