14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਮਹਿਰੋਂ ਦੇ ਗਿ੍ਫ਼ਤਾਰੀ ਵਾਰੰਟ ਜਾਰੀ-ਸਾਥੀਆਂ ਨੂੰ ਜੇਲ੍ਹ ਭੇਜਿਆ ਵਾਰਦਾਤ 'ਚ ਸ਼ਾਮਿਲ 5ਵੇਂ ਵਿਅਕਤੀ ਦੀ ਪੁਲਿਸ ਅਜੇ ਤੱਕ ਨਹੀਂ ਕਰ ਸਕੀ ਸ਼ਨਾਖ਼ਤ <br/>

ਅਜੀਤ ਡੈਸਕ 19-06-2025
ਬਠਿੰਡਾ, 18 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੋਸ਼ਲ ਮੀਡੀਆ 'ਤੇ ਮਸ਼ਹੂਰ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਵਾਸੀ ਲੁਧਿਆਣਾ ਦੇ ਕਤਲ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ ਅੰਮਿ੍ਤਪਾਲ ਸਿੰਘ ਮਹਿਰੋਂ ਦੇ ਦੋ ਸਾਥੀਆਂ ਨੂੰ ਪੁਲਿਸ ਰਿਮਾਂਡ ਖ਼ਤਮ ਹੋਣ ਬਾਅਦ ਅਦਾਲਤ ਵਲੋਂ ਕੇਂਦਰੀ ਜੇਲ੍ਹ ਬਠਿੰਡਾ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ, ਜਦਕਿ ਅੰਮਿ੍ਤਪਾਲ ਸਿੰਘ ਮਹਿਰੋਂ ਦੇ ਬਠਿੰਡਾ ਪੁਲਿਸ ਵਲੋਂ ਗਿ੍ਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ | ਦੂਜੇ ਪਾਸੇ ਪੁਲਿਸ ਜਿੱਥੇ ਵਾਰਦਾਤ 'ਚ ਸ਼ਾਮਿਲ ਚੌਥੇ ਵਿਅਕਤੀ ਰਣਜੀਤ ਸਿੰਘ ਵਾਸੀ ਪਿੰਡ ਸੋਹਲ (ਤਰਨਤਾਰਨ) ਦੀ ਪੈੜ ਨਹੀਂ ਦੱਬ ਸਕੀ, ਉੱਥੇ 5ਵੇਂ ਕਥਿਤ ਦੋਸ਼ੀ ਦੀ ਵੀ ਅਜੇ ਤੱਕ ਸ਼ਨਾਖਤ ਨਹੀਂ ਹੋਈ | ਮਹਿਰੋਂ ਦੇ ਸਾਥੀਆਂ ਨੂੰ ਅਦਾਲਤ 'ਚ ਪੇਸ਼ ਕਰਨ ਸਮੇਂ ਮਹਿਰੋਂ ਦੇ ਪਿਤਾ ਬਲਜਿੰਦਰ ਸਿੰਘ, ਉਨ੍ਹਾਂ ਦੇ ਵਕੀਲ ਹਰਪਾਲ ਸਿੰਘ ਖਾਰਾ ਤੇ ਵਕੀਲ ਈਮਾਨ ਸਿੰਘ ਖਾਰਾ, ਦਲ ਖ਼ਾਲਸਾ ਦੇ ਸੀਨੀਅਰ ਉੱਪ-ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਵਕੀਲ ਰਣਜੋਧ ਸਿੰਘ ਭੁੱਲਰ ਤੇ ਬਾਬਾ ਸੁਖਪਾਲ ਸਿੰਘ ਪਾਲਾ ਆਦਿ ਸਿੱਖ ਆਗੂ ਮੌਜੂਦ ਸਨ | ਇਸ ਸੰਬੰਧੀ ਐੱਸ.ਪੀ. (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਕੰਚਨ ਕੁਮਾਰੀ ਕਤਲ ਕਾਂਡ 'ਚ ਗਿ੍ਫ਼ਤਾਰ ਕੀਤੇ ਗਏ ਜਸਪ੍ਰੀਤ ਸਿੰਘ ਵਾਸੀ ਮਹਿਰੋਂ ਅਤੇ ਨਿਮਰਤਜੀਤ ਸਿੰਘ ਵਾਸੀ ਹਰੀਕੇ ਪੱਤਣ ਦਾ ਪੁੱਛ-ਗਿੱਛ ਲਈ ਅਦਾਲਤ ਤੋਂ ਪਹਿਲਾਂ ਦੋ ਦਿਨ ਅਤੇ ਫਿਰ ਤਿੰਨ੍ਹਾਂ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ, ਜੋ ਅੱਜ ਖ਼ਤਮ ਹੋਣ ਬਾਅਦ ਉਨ੍ਹਾਂ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਵਲੋਂ ਉਨ੍ਹਾਂ ਨੂੰ 14 ਦਿਨਾਂ ਲਈ ਕੇਂਦਰੀ ਜੇਲ੍ਹ ਬਠਿੰਡਾ ਦੀ ਨਿਆਂਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਸੁਣਾਇਆ ਗਿਆ, ਜਿਸ ਬਾਅਦ ਉਨ੍ਹਾਂ ਦਾ ਡਾਕਟਰੀ ਮੁਆਇਨਾ ਕਰਵਾਉਣ ਬਾਅਦ ਉਨ੍ਹਾਂ ਨੂੰ ਬਠਿੰਡਾ ਜੇਲ੍ਹ ਵਿਚ ਛੱਡ ਦਿੱਤਾ ਹੈ | ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਕਤਲ ਕਾਂਡ ਦੇ ਮੁੱਖ ਸ਼ਾਜਿਸ਼ਘਾੜੇ ਅੰਮਿ੍ਤਪਾਲ ਸਿੰਘ ਮਹਿਰੋਂ ਦੀ ਗਿ੍ਫ਼ਤਾਰੀ ਸੰਬੰਧੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ ਤੇ ਉਸ ਨੂੰ ਸੰਬੰਧਿਤ ਮੁਲਕ ਤੋਂ ਵਾਪਸ (ਡਿਪੋਰਟ ਕਰਨ) ਭੇਜਣ ਜਾਂ ਗਿ੍ਫ਼ਤਾਰ ਕਰਕੇ ਪੰਜਾਬ ਪੁਲਿਸ ਦੇ ਹਵਾਲੇ ਕਰਨ ਲਈ ਉਸ ਮੁਲਕ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਜਾ ਰਿਹਾ | ਕੰਚਨ ਕੁਮਾਰੀ ਦਾ ਜਿਨਸੀ ਸ਼ੋਸ਼ਣ ਹੋਣ ਸੰਬੰਧੀ ਪੁੱਛੇ ਜਾਣ 'ਤੇ ਐੱਸ.ਪੀ. (ਸਿਟੀ) ਨੇ ਕਿਹਾ ਕਿ ਅਜੇ ਵਿਸਰਾ ਰਿਪੋਰਟ ਆਉਣ 'ਤੇ ਸਮਾਂ ਲੱਗੇਗਾ ਤੇ ਉਸ ਤੋਂ ਬਾਅਦ ਹੀ ਇਸ ਬਾਰੇ ਕੁੱਝ ਕਿਹਾ ਜਾ ਸਕਦਾ ਹੈ |
ਕੀ ਕਹਿੰਦੇ ਹਨ ਮਹਿਰੋਂ ਦੇ ਪਿਤਾ
ਇਸ ਮੌਕੇ ਅਦਾਲਤ 'ਚ ਪੁੱਜੇ ਅੰਮਿ੍ਤਪਾਲ ਸਿੰਘ ਮਹਿਰੋਂ ਦੇ ਪਿਤਾ ਬਲਜਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਪੁੱਤਰ 'ਤੇ ਲੱਗੇ ਕੰਚਨ ਕੁਮਾਰੀ ਦੇ ਕਤਲ ਦੇ ਇਲਜ਼ਾਮਾਂ ਤੋਂ ਬਿਲਕੁਲ ਬੇਖ਼ਬਰ ਸਨ ਤੇ ਇਸ ਬਾਰੇ ਉਨ੍ਹਾਂ ਨੂੰ ਮੀਡੀਆ ਤੋਂ ਹੀ ਪਤਾ ਲੱਗਿਆ ਸੀ | ਉਨ੍ਹਾਂ ਕਿਹਾ ਕਿ ਉਸ ਦੇ ਪੁੱਤਰ ਉੱਪਰ ਕੰਚਨ ਕੁਮਾਰੀ ਦਾ ਸਰੀਰਕ ਸ਼ੋਸ਼ਣ ਕਰਨ ਦੇ ਲਗਾਏ ਜਾ ਰਹੇ ਦੋਸ਼ ਬਿਲਕੁਲ ਬੇਬੁਨਿਆਦ ਹਨ | ਮਹਿਰੋਂ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਅੰਮਿ੍ਤਪਾਲ ਸਿੰਘ ਮਹਿਰੋਂ ਦੀ ਕਿਰਦਾਰਕੁਸ਼ੀ ਕਰਨ ਲਈ ਉਨ੍ਹਾਂ ਉੱਪਰ ਕੰਚਨ ਕੁਮਾਰੀ ਦਾ ਸਰੀਰਕ ਸ਼ੋਸ਼ਣ ਕਰਨ ਦੇ ਕੁਝ ਅਨਸਰਾਂ ਵਲੋਂ ਗਲਤ ਇਲਜ਼ਾਮ ਮੜ੍ਹੇ ਜਾ ਰਹੇ ਹਨ, ਜਦਕਿ ਕੰਚਨ ਦੀ ਪੋਸਟਮਾਰਟਮ ਰਿਪੋਰਟ 'ਚ ਵੀ ਅਜਿਹਾ ਕੁਝ ਸਾਬਤ ਨਹੀਂ ਹੋਇਆ |

ਪਿਛਲੀ ਖ਼ਬਰ ਨਿੱਜੀ ਤਸਵੀਰਾਂ ਵਾਇਰਲ ਕਰਨਾ ਮੇਰੀ ਸਾਖ਼ ਨੂੰ ਖ਼ਰਾਬ ਕਰਨ ਦੀ ਡੂੰਘੀ ਸਾਜਿਸ਼-ਡਾ. ਰਵਜੋਤ ਸਿੰਘ <br/> ਅਗਲੀ ਖ਼ਬਰ ਲੁਟੇਰਾ ਸਮਝ ਕੇ ਭੀੜ ਵਲੋਂ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।